
ਸੂਬੇ ਵਿਚ ਕੋਵਿਡ-19 ਦੇ ਫੈਲਾਅ ਨੂੰ ਕਾਬੂ ਕਰਨ ਲਈ ਲਗਾਏ ਗਏ ਕਰਫ਼ਿਊ ਦੌਰਾਨ ਨਸ਼ਾ-ਪੀੜਤਾਂ ਨੂੰ ਨਿਰਵਿਘਨ ਇਲਾਜ ਸੇਵਾਵਾਂ ਮੁੱਹਈਆ ਕਰਵਾਉਣ ਲਈ
ਚੰਡੀਗੜ੍ਹ, 25 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਵਿਚ ਕੋਵਿਡ-19 ਦੇ ਫੈਲਾਅ ਨੂੰ ਕਾਬੂ ਕਰਨ ਲਈ ਲਗਾਏ ਗਏ ਕਰਫ਼ਿਊ ਦੌਰਾਨ ਨਸ਼ਾ-ਪੀੜਤਾਂ ਨੂੰ ਨਿਰਵਿਘਨ ਇਲਾਜ ਸੇਵਾਵਾਂ ਮੁੱਹਈਆ ਕਰਵਾਉਣ ਲਈ ਚਲਾਈ ਗਈ ਮੁਹਿੰਮ ਨੂੰ ਵੱਡੇ ਪੱਧਰ ’ਤੇ ਸਫ਼ਲਤਾ ਹਾਸਲ ਹੋਈ ਹੈ ਜਿਸ ਤਹਿਤ ਮਹਿਜ਼ ਇਕ ਮਹੀਨੇ ਦੌਰਾਨ ਹੀ 60,000 ਤੋਂ ਵੱਧ ਦੀ ਗਿਣਤੀ ਵਿਚ ਨਵੀਆਂ ਰਜਿਸਟਰੇਸ਼ਨ ਦਰਜ ਕੀਤੀਆਂ ਗਈਆਂ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿਚ ਰਖਦਿਆਂ ਓਟ ਕਲੀਨਿਕਾਂ ਦੇ ਖੁਲ੍ਹਣ ਦਾ ਸਮਾਂ ਸਵੇਰੇ 8 ਵਜੇ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਆਦੇਸ਼ਾਂ ਅਧੀਨ ਨਸ਼ਾ-ਛੁਡਾਊ ਪ੍ਰੋਗਰਾਮ ਸਮੇਤ ਸਿਹਤ ਵਿਭਾਗ ਦੇ ਸਾਰੇ ਅਤੀ ਜ਼ਰੂਰੀ ਪ੍ਰੋਗਰਾਮਾਂ ਵਲ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ ਤਾਂ ਜੋ ਗੰਭੀਰ ਮਰੀਜ਼ਾਂ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਮਾਜ ਸੇਵਕਾਂ ਤੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਇਸ ਨਾਜ਼ੁਕ ਸਮੇਂ ਵਿਚ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਕੇਵਲ ਲੋੜ ਪੈਣ ’ਤੇ ਹੀ ਹਸਪਤਾਲਾਂ ਤਕ ਪਹੁੰਚ ਕੀਤੀ ਜਾਵੇ।
ਫਲੂ ਕਾਰਨਰਾਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਲਈ ਸਰਕਾਰੀ ਹਸਪਤਾਲਾਂ ਵਿਚ ਫਲੂ ਕਾਰਨਰ ਸਥਾਪਤ ਗਏ ਹਨ। ਕੋਵਿਡ-19 ਦੀ ਰੋਕਥਾਮ ਅਤੇ ਨਿਗਰਾਨੀ ਵਧਾਉਣ ਲਈ ਰਾਜ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਫਲੂ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਰੈਫ਼ਰ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਸਰਕਾਰੀ ਹਸਪਤਾਲਾਂ ਦੇ ਫਲੂ ਕਾਰਨਰਾਂ ਵਿਚ ਫਲੂ ਦੇ ਲੱਛਣ ਜਿਵੇਂ ਕਿ ਬੁਖ਼ਾਰ, ਖੰਘ, ਸਾਹ ਲੈਣ ਵਿਚ ਤਕਲੀਫ਼, ਨਮੂਨੀਆ ਆਦਿ ਦੇ ਸਾਰੇ ਮਰੀਜਾਂ ਦੀ ਮੁਫ਼ਤ ਆਰਟੀ-ਪੀਸੀਆਰ ਟੈਸਟਿੰਗ ਕੀਤੀ ਜਾਵੇਗੀ।