
ਬਿਜਲੀ ਦੇ ਸਮਾਨ ਦੇ ਗੁਦਾਮ ’ਚ ਲੱਗੀ ਅੱਗ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
ਸੁਨਾਮ ਊਧਮ ਸਿੰਘ ਵਾਲਾ, 25 ਅਪ੍ਰੈਲ (ਦਰਸ਼ਨ ਸਿੰਘ ਚੌਹਾਨ): ਇੱਥੇ ਸੁਨਾਮ-ਪਟਿਆਲਾ ਮੁੱਖ ਸੜਕ ਉਤੇ ਸਥਿਤ ਤਾਜ਼ ਸਿਟੀ ਕਾਲੋਨੀ ਦੇ ਬਿਲਕੁਲ ਨਜ਼ਦੀਕ ਇਕ ਬਿਜਲੀ ਦੇ ਸਮਾਨ ਦੇ ਗੁਦਾਮ ਵਿਚ ਦੁਪਹਿਰ ਸਮੇਂ ਲੱਗੀ ਭਿਆਨਕ ਅੱਗ ਨਾਲ ਗੁਦਾਮ ਵਿਚ ਪਏ ਕਰੋੜਾਂ ਰੁਪਏ ਦਾ ਸਮਾਨ ਸੜਕੇ ਸੁਆਹ ਹੋ ਜਾਣ ਦਾ ਖਦਸ਼ਾ ਜਾਹਰ ਕੀਤਾ ਗਿਆ ਹੈ।
ਅੱਗ ਲਗਣ ਦੀ ਘਟਨਾ ਦਾ ਪਤਾ ਲਗਦਿਆਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਤੁਰਤ ਮੌਕੇ ਉਤੇ ਪੁੱਜ ਕੇ ਸੁਨਾਮ ਤੋਂ ਇਲਾਵਾ ਸੰਗਰੂਰ, ਧੂਰੀ, ਮਾਨਸਾ, ਬਰਨਾਲਾ ਅਤੇ ਮਾਲੇਰਕੋਟਲਾ ਤੋਂ ਅੱਗ ਬੁਝਾਊ ਗੱਡੀਆਂ ਮੰਗਵਾਕੇ ਅੱਗ ਉਤੇ ਕਾਬੂ ਪਾਉਣ ਲਈ ਯਤਨ ਆਰੰਭੇ ਲੇਕਿਨ ਬਿਜਲੀ ਦੇ ਸਮਾਨ ਹੋਣ ਕਾਰਨ ਕਰੀਬ ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਜਾ ਸਕਿਆ। ਉਸ ਸਮੇਂ ਤਕ ਗੁਦਾਮ ਵਿਚ ਪਿਆ ਸਮਾਨ ਏਸੀ, ਫ਼ਰਿੱਜ਼ ਸਮੇਤ ਹੋਰ ਕੀਮਤੀ ਉਪਕਰਨ ਸੁਆਹ ਹੋ ਚੁੱਕੇ ਸਨ।
ਤਾਲਾਬੰਦੀ ਦਾ ਦਿਨ ਹੋਣ ਕਾਰਨ ਲੋਕ ਘਰਾਂ ਵਿਚ ਮੌਜੂਦ ਸਨ ਪਰ ਫਿਰ ਵੀ ਕਾਫ਼ੀ ਨੌਜਵਾਨਾਂ ਨੇ ਮੌਕੇ ਉਤੇ ਪੁੱਜ ਕੇ ਸਮਾਨ ਨੂੰ ਬਾਹਰ ਕੱਢਣ ਲਈ ਯਤਨ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਉਤੇ ਮੌਜੂਦ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦਸਿਆ ਕਿ ਪਟਿਆਲਾ ਰੋਡ ਉਤੇ ਸਥਿਤ ਗੋਇਲ ਵਾਚ ਕੰਪਨੀ (ਰਾਜ ਲਹਿਰੇ ਵਾਲਾ) ਦੇ ਬਿਜਲੀ ਦੇ ਸਮਾਨ ਦੇ ਗੁਦਾਮ ਵਿਚ ਦੁਪਿਹਰ ਸਮੇਂ ਅੱਗ ਲੱਗ ਗਈ ਸੀ ਜਿਸ ਉਤੇ ਕਾਬੂ ਪਾਉਣ ਲਈ ਤੁਰਤ ਸੁਨਾਮ ਤੋਂ ਇਲਾਵਾ ਸੰਗਰੂਰ, ਧੂਰੀ, ਮਾਨਸਾ, ਬਰਨਾਲਾ ਅਤੇ ਮਾਲੇਰਕੋਟਲਾ ਤੋਂ ਫ਼ਾਇਰ ਬ੍ਰੀਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਅਮਲੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨਾਂ ਦਾ ਹਾਲ ਦੀ ਘੜੀ ਪਤਾ ਨਹੀਂ ਲੱਗ ਸਕਿਆ। ਬਿਜਲੀ ਦੇ ਸਮਾਨ ਦੇ ਗੁਦਾਮ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਦਾ ਪਤਾ ਲਗਦਿਆਂ ਹੀ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਕਾਂਗਰਸ ਦੀ ਹਲਕਾ ਇੰਚਾਰਜ਼ ਦਾਮਨ ਥਿੰਦ ਬਾਜਵਾ, ਕਾਂਗਰਸ ਦੇ ਆਗੂ ਹਰਮਨਦੇਵ ਸਿੰਘ ਬਾਜਵਾ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਘਣਸ਼ਾਮ ਕਾਂਸਲ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਸੋਨੀ, ਕਾਂਗਰਸ ਦੇ ਬਲਾਕ ਪ੍ਰਧਾਨ ਸੰਜੇ ਗੋਇਲ, ਹਿੰਮਤ ਸਿੰਘ ਬਾਜਵਾ ਨੇ ਮੌਕੇ ਉਤੇ ਪੁੱਜ ਕੇ ਪੀੜਤ ਪਰਵਾਰ ਨਾਲ ਹਮਦਰਦੀ ਜਾਹਰ ਕੀਤੀ। ਗੁਦਾਮ ਮਾਲਕਾਂ ਦੇ ਦਸਣ ਮੁਤਾਬਕ ਗੁਦਾਮ ਵਿਚ ਕਰੋੜਾਂ ਰੁਪਏ ਮੁੱਲ ਦਾ ਸਮਾਨ ਪਿਆ ਸੀ, ਜਿਹੜਾ ਅੱਗ ਲੱਗਣ ਨਾਲ ਸੜਕੇ ਸੁਆਹ ਹੋ ਗਿਆ।
ਫੋਟੋ- ਸੁਨਾਮ ਵਿਚ ਬਿਜਲੀ ਦੇ ਸਮਾਨ ਦੇ ਗੁਦਾਮ ਵਿੱਚ ਲੱਗੀ ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਊ ਗੱਡੀ ਦਾ ਅਮਲਾ, ਅਤੇ ਗੁਦਾਮ ਵਿੱਚੋਂ ਨਿਕਲਦਾ ਧੂੰਆਂ। ਫੋਟੋ ਚੌਹਾਨ।
ਫਾਈਲ---25-ਸੁਨਾਮ-01-ਗੋਇਲ ਵਾਚ
8--Sunam--01-7oyal Watch