
ਦਿੱਲੀ ਤੇ ਹੋਰ ਰਾਜਾਂ ਦੇ ਕੋਵਿਡ ਮਰੀਜ਼ ਇਲਾਜ ਲਈ ਆ ਰਹੇ ਹਨ ਪੰਜਾਬ : ਅਧਿਕਾਰੀ
ਚੰਡੀਗੜ੍ਹ : ਹਸਪਤਾਲਾਂ ’ਚ ਬੈੱਡਾਂ ਅਤੇ ਆਕਸੀਜਨ ਦੀ ਕਮੀ ਦੀਆਂ ਰੀਪੋਰਟਾਂ ਵਿਚਾਲੇ ਦਿੱਲੀ ਅਤੇ ਗੁਆਂਢੀ ਰਾਜਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਪੰਜਾਬ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਏ ਜਾ ਰਹੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦਸਿਆ ਕਿ ਦਿੱਲੀ ਦੇ ਕਈ ਮਰੀਜ਼ਾਂ ਨੂੰ ਪਟਿਆਲਾ, ਜਲੰਧਰ ਅਤੇ ਹੋਰ ਸਥਾਨਾਂ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਹਰਿਆਣਾ ਹਿਮਾਚਲ ਪਦੇਸ਼ ਦੇ ਮਰੀਜ਼ ਵੀ ਇਲਾਜ ਲਈ ਪੰਜਾਬ ਵਿਚ ਆ ਰਹੇ ਹਨ।
Oxygen cylinder
ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦਸਿਆ, ‘‘ਫਿਲਹਾਲ, ਦਿੱਲੀ ਦੇ 13-14 ਮਰੀਜ਼ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਹਨ।’’ ਡਾਕਟਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਕੋਰੋਨਾ ਦੇ ਕਈ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ ਉਹ ਪੰਜਾਬ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਦੇ ਹਸਪਤਾਲਾਂ ’ਚ ਬੈੱਡ ਨਹੀਂ ਮਿਲ ਰਹੇ। ਹੋਰ ਰਾਜਾਂ ਦੇ 35-40 ਮਰੀਜ਼ ਜਲੰਧਰ ਦੇ ਹਸਪਤਾਲ ’ਚ ਇਲਾਜ ਕਰਾ ਰਹੇ ਹਨ।
Coronavirus
ਜਲੰਧਰ ਦੇ ਡੀ.ਸੀ. ਘਨਸ਼ਾਮ ਥੌਰੀ ਨੇ ਦਸਿਆ, ‘‘ਇਨ੍ਹਾਂ ਮਰੀਜ਼ਾਂ ’ਚ 12-13 ਮਰੀਜ਼ ਦਿੱਲੀ ਦੇ ਹਨ, ਜਦਕਿ ਬਾਕੀ ਹਿਮਾਚਲ ਪਦੇਸ਼, ਹਰਿਆਣਾ ਅਤੇ ਜੰਮੂ ਦੇ ਹਨ।’’ ਪੰਜਾਬ ਦੇ ਕਈ ਨਿਜੀ ਹਸਪਤਾਲਾਂ ਨੂੰ ਦਿੱਲੀ ਦੇ ਮਰੀਜ਼ ਹਸਪਤਾਲ ’ਚ ਦਾਖ਼ਲ ਹੋਣ ਲਈ ਫ਼ੋਨ ਕਰ ਰਹੇ ਹਨ। ਜਲੰਧਰ ’ਚ ਹਸਪਤਾਲ ਚਲਾਉਣ ਵਾਲੇ ਡਾ. ਨਵਜੋਤ ਦਹੀਆ ਨੇ ਕਿਹਾ, ‘‘ਮੈਨੂੰ ਰੋਜ਼ਾਨਾ ਪੰਜ-ਛੇ ਕਾਲਾਂ ਆ ਰਹੀਆਂ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਦਿੱਲੀ ਤੋਂ ਹਨ।’’
oxygen cylinder
ਅਧਿਕਾਰੀਆਂ ਨੇ ਕਿਹਾ ਕਿ ਹੋਰ ਸਥਾਨਾਂ ਤੋਂ ਮਰੀਜ਼ਾਂ ਦੇ ਆਉਣ ਨਾਲ ਸੂਬੇ ਦੀ ਸਿਹਤ ਸੇਵਾਵਾਂ ’ਤੇ ਹੋਰ ਦਬਾਅ ਵੱਧ ਗਿਆ ਹੈ। ਕਈ ਨਿਜੀ ਹਸਪਤਾਲ ਪਹਿਲਾਂ ਹੀ ਆਕਸੀਜਨ ਦੀ ਕਮੀ ਦੀ ਸ਼ਿਕਾਇਤ ਕਰ ਰਹੇ ਹਨ, ਇਸ ਲਈ ਉਹ ਹੋਰ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਰਹੇ ਹਨ।