
ਕੁਮਾਰ ਵਿਸ਼ਵਾਸ ਨੇ ਆਪਣੀ ਅਰਜ਼ੀ 'ਚ ਕਿਹਾ ਹੈ ਕਿ ਸਿਆਸੀ ਇਰਾਦੇ ਅਤੇ ਬਦਲਾਖੋਰੀ ਲਈ ਉਹਨਾਂ ਵਿਰੁੱਧ ਐੱਫਆਈਆਰ ਕੀਤੀ ਗਈ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦੇ ਕੇ ਆਪਣੇ ਖ਼ਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। 12 ਅਪਰੈਲ ਨੂੰ ਪੰਜਾਬ ਪੁਲਿਸ ਨੇ ਉਹਨਾਂ ਖ਼ਿਲਾਫ਼ ਰੂਪਨਗਰ ਵਿਚ ਕੇਸ ਦਰਜ ਕੀਤਾ ਸੀ। ਕੁਮਾਰ ਵਿਸ਼ਵਾਸ ਨੇ ਆਪਣੀ ਅਰਜ਼ੀ 'ਚ ਕਿਹਾ ਹੈ ਕਿ ਸਿਆਸੀ ਇਰਾਦੇ ਅਤੇ ਬਦਲਾਖੋਰੀ ਲਈ ਉਹਨਾਂ ਵਿਰੁੱਧ ਐੱਫਆਈਆਰ ਕੀਤੀ ਗਈ ਹੈ।
ਅਰਜ਼ੀ ਵਿਚ ਕਿਹਾ ਗਿਆ ਹੈ ਕਿ ਐਫਆਈਆਰ ਅਤੇ ਹੋਰ ਕਾਰਵਾਈ ਰਾਹੀਂ ਪਟੀਸ਼ਨਕਰਤਾ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਕੀਤਾ ਗਿਆ ਹੈ। ਜਿਸ ਤਰ੍ਹਾਂ ਜਾਂਚ ਏਜੰਸੀ ਕੰਮ ਕਰ ਰਹੀ ਹੈ, ਉਹ ਗੈਰ-ਕਾਨੂੰਨੀ ਹੈ।
Arvind Kejriwal and Kumar Vishwas
ਕੁਮਾਰ ਵਿਸ਼ਵਾਸ ਦਾ ਦਾਅਵਾ ਹੈ ਕਿ ਪੰਜਾਬ ਵਿਚ ਬਹੁਮਤ ਨਾਲ ਸਰਕਾਰ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ‘ਆਪ’ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਲਈ ਅਜਿਹੇ ਕੇਸ ਦਰਜ ਕਰਵਾ ਰਹੇ ਹਨ। ਪਟੀਸ਼ਨ ਵਿਚ ਭਾਜਪਾ ਆਗੂ ਨਵੀਨ ਕੁਮਾਰ, ਦਿੱਲੀ ਭਾਜਪਾ ਦੀ ਮੀਡੀਆ ਇੰਚਾਰਜ ਪ੍ਰੀਤੀ ਗਾਂਧੀ, ਭਾਜਪਾ ਮਹਿਲਾ ਮੋਰਚਾ ਇੰਚਾਰਜ, ਤੇਜਿੰਦਰ ਪਾਲ ਸਿੰਘ ਬੱਗਾ ਖ਼ਿਲਾਫ਼ ਦਰਜ ਐਫਆਈਆਰ ਦਾ ਵੀ ਜ਼ਿਕਰ ਹੈ। ਕੁਮਾਰ ਵਿਸ਼ਵਾਸ 'ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਖਿਲਾਫ ਭੜਕਾਊ ਭਾਸ਼ਣ ਦੇਣ ਅਤੇ ਇੰਟਰਵਿਊ 'ਚ ਇਤਰਾਜ਼ਯੋਗ ਗੱਲਾਂ ਕਹਿਣ ਦਾ ਦੋਸ਼ ਹੈ।