
khanna News : ਜਸਕਰਨ ਸਿੰਘ ਦਾ ਸਨਮਾਨ ਕਰਨ ਘਰ ਪੁੱਜੇ ਪੰਜਾਬ ਦੇ ਉਦਯੋਗ ਤੇ ਪੰਚਾਇਤ ਮੰਤਰੀ
khanna News in Punjabi : ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਹਲਕਾ ਖੰਨਾ ਦੇ ਪਿੰਡ ਭੁਮੱਦੀ ਵਿਖੇ ਪਹੁੰਚ ਕੇ ਯੂ.ਪੀ.ਐੱਸ.ਸੀ ਪ੍ਰੀਖਿਆ ਪਾਸ ਕਰਕੇ ਆਈ.ਏ.ਐਸ ਬਣੇ ਜਸਕਰਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪਿੰਡ ਭੁਮੱਦੀ ਦਾ ਜਸਕਰਨ ਸਿੰਘ (23) ਨੂੰ ਪਿਛਲੀ ਵਾਰ ਯੂ.ਪੀ.ਐੱਸ.ਸੀ ਪ੍ਰੀਖਿਆ ਪਾਸ ਕਰ ਕੇ ਆਈ.ਆਰ.ਐੱਸ ਲਈ ਚੁਣਿਆ ਗਿਆ ਸੀ ਤੇ ਹੁਣ 25 ਸਾਲ ਦੀ ਉਮਰ 'ਚ 240ਵਾਂ ਰੈਂਕ ਹਾਸਲ ਕਰ ਕੇ ਆਈ.ਏ.ਐੱਸ ਬਣ ਗਿਆ ਹੈ। ਜਿਸ ਨੇ ਪਿੰਡ ਭੁਮੱਦੀ, ਹਲਕਾ ਖੰਨਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਦਾ ਨਾਂ ਚਮਕਾਇਆ ਹੈ। ਇਹ ਨੌਜਵਾਨ ਪੰਜਾਬ ਦੇ ਨੌਜਵਾਨਾ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੈ।
ਉਨ੍ਹਾਂ ਜਸਕਰਨ ਸਿੰਘ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਿੱਖਿਆ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਖ਼ੁਦ ’ਚ ਆਤਮ ਵਿਸ਼ਵਾਸ਼ ਰੱਖਣ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਲਈ ਉਪਲਬਧ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਆਪਣੀ ਪੜ੍ਹਾਈ 'ਤੇ ਧਿਆਨ ਕੇਂਦ੍ਰਿਤ ਰੱਖਣ ਅਤੇ ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰਨ।
ਮੰਤਰੀ ਸੌਂਦ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜਸਕਰਨ ਸਿੰਘ ਪੰਜਾਬ ਕਾਡਰ ਮਿਲੇ ਤਾਂ ਜੋ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਦੀ ਸੇਵਾ ਕਰੇ ਜਿਵੇਂ ਇਹਨਾਂ ਆਈ.ਏ.ਐਸ ਬਣ ਕੇ ਨਾਂ ਰੌਸ਼ਨ ਕੀਤਾ ਹੈ ਉਸੇ ਤਰ੍ਹਾਂ ਆਪਣੀਆਂ ਸੇਵਾਵਾਂ ਨਾਲ ਆਪਣੇ ਖਿੱਤੇ ਨੂੰ ਹੋਰ ਉੱਚਾ ਚੁੱਕਣ। ਜਿੱਥੇ ਅਸੀਂ ਵੱਖ-ਵੱਖ ਪ੍ਰੋਗਰਾਮਾਂ ਤਹਿਤ ਸਿੱਖਿਆ ਨੂੰ ਪ੍ਰਮੋਟ ਕਰਨ ਰਹੇ ਹਾਂ। ਅਸੀਂ ਚਾਹੁੰਦੇ ਹਾਂ ਜਸਕਰਨ ਸਿੰਘ ਵੀ ਨੌਜਵਾਨਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰੇ ਤਾਂ ਜੋ ਵੱਧ ਤੋਂ ਵੱਧ ਆਈ.ਏ.ਐਸ, ਆਈ.ਪੀ.ਐਸ, ਆਈ.ਆਰ.ਐਸ ਅਫਸਰ ਪੰਜਾਬ ਤੋਂ ਬਣਾ ਸਕੀਏ।
ਇਸੇ ਤਹਿਤ ਪੰਜਾਬ ਸਰਕਾਰ ਨੇ ਹੁਣ ਇੱਕ ਹੋਰ ਵੱਡਾ ਫੈਸਲਾ ਲਿਆ ਕਿ ਜਿੰਨੇ ਸਾਡੇ ਆਈ.ਏ.ਐਸ, ਆਈ.ਪੀ.ਐਸ ਅਫਸਰ ਹਨ ਉਨ੍ਹਾਂ ਨੂੰ ਇੱਕ-ਇੱਕ ਸਰਕਾਰੀ ਸਕੂਲ ਸੰਭਾਲ ਦਿੱਤਾ ਹੈ ਤਾਂ ਜੋ ਉਹ ਹਰ ਮਹੀਨੇ ਆਪਣੇ-ਆਪਣੇ ਸਕੂਲ ਵਿੱਚ ਜਾ ਕੇ ਬੱਚਿਆਂ ਨੂੰ ਲੈਕਚਰ ਦੇ ਕੇ ਅੱਗੇ ਵਧਣ ਦੇ ਰਸਤੇ ਦੱਸ ਕੇ ਪੜ੍ਹਾਈ ਲਈ ਪ੍ਰੇਰਿਤ ਕਰ ਸਕਣ।
ਕੈਬਨਿਟ ਮੰਤਰੀ ਨੇ ਭਾਰਤ ਨੂੰ ਵਿਸ਼ਵ ਦੀ ਮਹਾਂਸ਼ਕਤੀ ਬਣਾਉਣ ਲਈ ਨੌਜਵਾਨ ਵਰਗ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੇ ਟੀਚਿਆਂ 'ਤੇ ਕੇਂਦ੍ਰਿਤ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਝਟਕਿਆਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸਫ਼ਲਤਾਵਾਂ ਹੀ ਸਫਲਤਾ ਦੀਆਂ ਪੌੜੀਆਂ ਚੜ੍ਹਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਪੈਦਾ ਕਰਨ ਲਈ ਸਮਰਪਿਤ ਹੈ। ਉਥੇ ਹੀ ਦੂਜੇ ਪਾਸੇ ਆਈਏਐਸ ਜਸਕਰਨ ਸਿੰਘ ਨੇ ਇਸ ਸਨਮਾਨ ਲਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕੀਤਾ।
(For more news apart from ASI's IAS son becomes an icon youth Punjab - Cabinet Minister Saund News in Punjabi, stay tuned to Rozana Spokesman)