
Derabassi News : ਮੁੱਖ ਮੰਤਰੀ ਨੇ ਗੁਰਦਰਸ਼ਨ ਸੈਣੀ ਨੂੰ ਭਾਜਪਾ ਵਿੱਚ ਕੀਤਾ ਸ਼ਾਮਲ
Derabassi News in Punjabi : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਅੱਜ ਡੇਰਾਬੱਸੀ ਵਿਖੇ ਕਰਵਾਏ ਇਕ ਪ੍ਰੋਗਰਾਮ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਸਾਰੀ ਪਾਰਟੀਆਂ ਤੋਂ ਨਿਰਾਸ਼ਾ ਹੀ ਹੱਥ ਲੱਗੀ ਹੈ ਅਤੇ ਹੁਣ ਪੰਜਾਬੀ ਕੇਂਦਰ ਸਰਕਾਰ ਨਾਲ ਰਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮਾਡਲ ਨਾਲ ਜੁੜਨਾ ਚਾਹੁੰਦੇ ਹਨ। ਅਕਾਲੀ ਦਲ ਅਤੇ ਭਾਜਪਾ ਨਾਲ ਮੁੜ ਤੋਂ ਗਠਜੋੜ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦਾ ਫੈਸਲਾ ਹੈ।
ਭਾਜਪਾ ਹਰਿਆਣਾ ਵਾਂਗ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਓਬੀਸੀ ਕਾਰਡ ਖੇਡਣ ਬਾਰੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਦੇਸ਼ ਨੂੰ ਮਜ਼ਬੂਤ ਅਤੇ ਵਿਕਾਸ ਕਰਨ ਵਾਲੇ ਹਰੇਕ ਵਿਅਕਤੀ ਨੂੰ ਪਾਰਟੀ ਨਾਲ ਜੋੜ ਰਹੇ ਹਨ। ਪੰਜਾਬ ਵਿੱਚ ਸਰਕਾਰ ਬਣਨ ਮਗਰੋਂ ਹਰਿਆਣਾ ਵਾਲੀ ਸਾਰੀ ਸਹੂਲਤਾਂ ਦਿੱਤੀ ਜਾਣਗੀਆਂ ਜਿਸ ਵਿੱਚ ਕਿਸਾਨਾਂ ਨੂੰ ਫਸਲ ਤੇ ਐਮ.ਐਸ.ਪੀ. ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਗੁਰਦਰਸ਼ਨ ਸਿੰਘ ਸੈਣੀ ਬਾਰੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਮਾਜ ਸੇਵੀ ਹੈ ਜਿਨ੍ਹਾਂ ਵੱਲੋਂ ਡੇਰਾਬੱਸੀ ਸਿਵਲ ਹਸਪਤਾਲ ਬਣਾਉਣ ਵਿੱਚ ਵੱਡਾ ਯੋਗਦਾਨ ਦਿੱਤਾ ਗਿਆ।
ਉਨ੍ਹਾਂ ਵੱਲੋਂ ਕਰਵਾਏ ਗਏ ਸਰਕਾਰੀ ਸਕੂਲ ਦੇ ਵਿਕਾਸ ਦੇ ਚਲਦਿਆਂ ਉਨ੍ਹਾਂ ਦੇ ਪਿਤਾ ਮਰਹੂਮ ਗੁਰਨਾਮ ਸਿੰਘ ਸੈਣੀ ਦੇ ਨਾਂਅ ’ਤੇ ਰੱਖਿਆ ਗਿਆ ਜੋ ਵੱਡੀ ਗੱਲ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤੰਜ ਕਸਦਿਆਂ ਕਿਹਾ ਕਿ ਇਸ ਪਾਰਟੀ ਦਾ ਸੁਪਰੀਮੋ ਲੋਕਾਂ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਠੱਗਦਾ ਹੈ। ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਮੁਕੇਸ਼ ਗਾਂਧੀ ਨੇ ਸਟੇਜ ਦੀ ਕਾਰਵਾਈ ਸੰਭਾਲੀ। ਪ੍ਰੋਗਰਾਮ ਦੌਰਾਨ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਐਸ.ਐਮ.ਐਸ. ਸੰਧੂ, ਸੰਜੀਵ ਖੰਨਾ, ਮਨਪ੍ਰੀਤ ਸਿੰਘ ਬਨੀ ਸੰਧੂ, ਜ਼ੀਰਕਪੁਰ ਤੋਂ ਕੌਂਸਲਰ ਹਰਜੀਤ ਸਿੰਘ ਮਿੰਟਾ, ਹਰਪ੍ਰੀਤ ਸਿੰਘ ਟਿੰਕੂ, ਹਰਦੀਪ ਸਿੰਘ, ਰਵਿੰਦਰ ਵੈਸ਼ਨਵ, ਸੁਸ਼ੀਲ ਰਾਣਾ, ਕੌਂਸਲਰ ਤੇ ਐਡਵੋਕੇਟ ਵਿਕਰਾਂਤ ਪਵਾਰ ਸਣੇ ਹੋਰ ਹਾਜ਼ਰ ਸਨ।
ਨਾਇਬ ਸੈਣੀ ਨੂੰ ਚਲਦੇ ਪ੍ਰੋਗਰਾਮ ਪਾਲੀ ਈਸਾਪੁਰ ਨੇ ਪੱਗ ਬੰਨੀ। ਕਿਸਾਨਾਂ ਵੱਲੋਂ ਉਨ੍ਹਾਂ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦੀ ਅਗਾਊਂ ਧਮਕੀ ਦਿੱਤੇ ਜਾਣ ਕਾਰਨ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸੀ। ਚੱਪੇ ਚੱਪੇ ਤੇ ਪੁਲੀਸ ਅਤੇ ਹਰਿਆਣਾ ਪੁਲੀਸ ਦੇ ਕਮਾਂਡੋ ਤਾਇਨਾਤ ਸੀ। ਪ੍ਰੋਗਰਾਮ ਦੌਰਾਨ ਨਾਇਬ ਸੈਣੀ ਨੇ ਕਸ਼ਮੀਰ ਦੀ ਪਹਿਲਗਾਊਂ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਦੁਸ਼ਮਨਾਂ ਨੂੰ ਕਿਸੇ ਵੀ ਕੀਮਤ ’ਤੇ ਨਾ ਬਖ਼ਸ਼ਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਰਿਆਣਾ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਸੂਬੇ ਵਿੱਚ ਕਿਸੇ ਵੀ ਪਾਕਿਸਤਾਨੀ ਨੂੰ 24 ਘੰਟੇ ਵਿੱਚ ਵਾਪਸ ਭੇਜਿਆ ਜਾਏ।
(For more news apart from If BJP government is formed in Punjab, all facilities of Haryana will be provided - Naib Saini News in Punjabi, stay tuned to Rozana Spokesman)