
Punjab News : ਅੰਦੋਲਨ ਦੀ ਭਵਿੱਖੀ ਰਣਨੀਤੀ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਮਹੱਤਵਪੂਰਨ ਫੈਸਲੇ ਲਏ ਗਏ।
Punjab News in Punjabi : ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਸਾਂਝੀ ਮੀਟਿੰਗ ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ (ਲੁਧਿਆਣਾ) ਵਿਖੇ ਹੋਈ ਅਤੇ ਅੰਦੋਲਨ ਦੀ ਭਵਿੱਖੀ ਰਣਨੀਤੀ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਮਹੱਤਵਪੂਰਨ ਫੈਸਲੇ ਲਏ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਦੋਵਾਂ ਮੋਰਚਿਆਂ ਵੱਲੋਂ ਫ਼ਸਲਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਕਾਰ 4 ਮਈ ਨੂੰ ਪ੍ਰਸਤਾਵਿਤ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸ਼ਾਮਲ ਨਾਂ ਕੀਤਾ ਜਾਵੇੇ, ਕਿਉਂਕਿ 19 ਮਈ ਨੂੰ ਜਦੋਂ ਮੀਟਿੰਗ ਸੁਹਿਰਦ ਮਾਹੌਲ ਵਿੱਚ ਖ਼ਤਮ ਹੋਈ ਅਤੇ ਕਿਸਾਨ ਆਗੂ ਮੋਰਚਿਆਂ ਨੂੰ ਵਾਪਸ ਜਾ ਰਹੇ ਸਨ, ਤਾਂ ਪੰਜਾਬ ਸਰਕਾਰ ਨੇ ਧੋਖੇ ਨਾਲ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ ਅਤੇ ਸ਼ੰਭੂ ਤੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਿਆਂ ਨੂੰ ਹਿੰਸਕ ਢੰਗ ਨਾਲ ਕੁਚਲਣ ਦਾ ਕੰਮ ਕੀਤਾ ਸੀ। ਜਿਸ ਕਾਰਨ ਦੇਸ਼ ਦੇ ਕਿਸਾਨਾਂ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਭਾਰੀ ਗੁੱਸਾ ਹੈ।
ਦੋਵਾਂ ਮੋਰਚਿਆਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਨੁਮਾਇੰਦੇ 4 ਮਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ, ਤਾਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਨੁਮਾਇੰਦੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਸਬੰਧੀ ਦੋਵਾਂ ਮੋਰਚਿਆਂ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਵੀ ਭੇਜੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਗ ਲੱਗਣ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ, 19 ਮਾਰਚ ਨੂੰ ਸ਼ੰਭੂ ਅਤੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਪੁਲਸ ਵੱਲੋਂ ਹਿੰਸਕ ਕਾਰਵਾਈ ਕਰਨ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਅਤੇ ਹੋਰ ਕਿਸਾਨਾਂ ਨਾਲ ਦੁਰਵਿਵਹਾਰ ਕਰਨ ਅਤੇ ਕੁਟਮਾਰ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ, 19 ਮਾਰਚ ਨੂੰ ਕਿਸਾਨਾਂ ਤੋਂ ਚੋਰੀ ਹੋਏ ਸਾਮਾਨ ਦਾ ਮੁਆਵਜ਼ਾ ਦੇਣਾ ਅਤੇ ਮੰਡੀਆਂ ਵਿੱਚ ਜੇ-ਫਾਰਮ ਅਨੁਸਾਰ ਕਿਸਾਨਾਂ ਤੋਂ ਸਿਰਫ਼ ਅਨਲੋਡਿੰਗ ਅਤੇ ਸਫਾਈ ਦਾ ਹੀ ਖਰਚ ਲੈਣਾ ਸਮੇਤ ਆਦਿ ਮੰਗਾਂ ਲਈ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ 'ਤੇ ਮੈਮੋਰੰਡਮ ਦਿੱਤੇ ਜਾਣਗੇ।
ਕਿਸਾਨ ਮੋਰਚਿਆਂ 'ਤੇ ਹਿੰਸਕ ਕਾਰਵਾਈ ਕਰਨ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਅਤੇ ਹੋਰ ਕਿਸਾਨਾਂ ਨਾਲ ਦੁਰਵਿਵਹਾਰ ਅਤੇ ਹਮਲਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ 6 ਮਈ ਨੂੰ ਸ਼ੰਭੂ ਪੁਲਿਸ ਸਟੇਸ਼ਨ ਦਾ ਘਿਰਾਓ ਕੀਤਾ ਜਾਵੇਗਾ।ਮੀਟਿੰਗ ਵਿਚ ਮੁੱਖ ਤੌਰ 'ਤੇ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਭਿਮੰਨਿਊ ਕੋਹਾੜ, ਜਸਵਿੰਦਰ ਲੌਂਗੋਵਾਲ, ਕਾਕਾ ਸਿੰਘ ਕੋਟੜਾ, ਸੁਖਵਿੰਦਰ ਕੌਰ, ਸੁਖਜੀਤ ਸਿੰਘ ਹਰਦੋਝੰਡੇ, ਮਨਜੀਤ ਸਿੰਘ ਰਾਏ, ਸੁਖਦੇਵ ਸਿੰਘ ਭੋਜਰਾਜ, ਨਸੀਬ ਸੰਗਨਾ, ਬਲਵੰਤ ਸਿੰਘ ਬਹਿਰਾਮਕੇ, ਅਮਰਜੀਤ ਮੋਹਰੀ, ਸਤਨਾਮ ਸਿੰਘ ਬਹਿਰੂ,ਰਾਣਾ ਰਣਬੀਰ ਸਿੰਘ, ਗੁਰਮਨਜੀਤ ਸਿੰਘ ਮਾਂਗਟ, ਬਲਦੇਵ ਸਿੰਘ ਜੀਰਾ, ਸ਼ੇਰਾ ਅਠਵਾਲ, ਦਿਲਬਾਗ ਸਿੰਘ ਗਿੱਲ, ਬਲਕਾਰ ਸਿੰਘ ਬੈਂਸ ਆਦਿ ਵੱਲੋ ਸ਼ਮੂਲੀਅਤ ਕੀਤੀ।
(For more news apart from Joint meeting of Sanyukta Kisan Morcha and Kisan Mazdoor Morcha held at Gurdwara Reru Sahib Sahnewal News in Punjabi, stay tuned to Rozana Spokesman)