
Tourist arrival in Amritsar decreased : ਕਰੀਬ 30 ਫ਼ੀ ਸਦੀ ਸੈਲਾਨੀਆਂ ਦੀ ਆਈ ਕਮੀ
Tourist arrival in Amritsar decreased after Pahalgam attack Latest News in Punjabi : ਅੰਮ੍ਰਿਤਸਰ : ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਵਿਚ ਸੈਲਾਨੀਆਂ ਦੀ ਆਮਦ ਘਟੀ ਹੈ। ਇਸ ਘਟਨਾ ਕਾਰਨ ਤੇ ਭਾਰਤ ਸਰਕਾਰ ਵਲੋਂ ਪਾਕਿਸਤਾਨ ਵਿਰੁਧ ਕੀਤੇ ਫ਼ੈਸਲਿਆਂ ਮਗਰੋਂ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਇਸ ਕਾਰਨ ਲੋਕਾਂ ਵਲੋਂ ਇੱਥੇ ਹੋਟਲਾਂ ਵਿਚ ਪਹਿਲਾਂ ਕੀਤੀ ਹੋਈ ਬੁਕਿੰਗ ਰੱਦ ਕੀਤੀ ਜਾ ਰਹੀ ਹੈ। ਇਸ ਦਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈਆਂ ਜਾ ਰਹੀਆਂ ਸਰਾਵਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਦਰਬਾਰ ਸਾਹਿਬ ਵਿਚ ਵੀ ਸ਼ਰਧਾਲੂਆਂ ਦੀ ਗਿਣਤੀ ਵਿਚ ਕਮੀ ਆਈ ਹੈ। ਸ਼ਹਿਰ ਦੇ ਹੋਟਲਾਂ ਅਤੇ ਗੈਸਟ ਹਾਊਸਾਂ ਵਿਚ ਯਾਤਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ।
ਆਮ ਤੌਰ ’ਤੇ ਪਹਿਲਾਂ ਰੋਜ਼ਾਨਾ ਹੀ ਦੁਨੀਆਂ ਭਰ ਤੋਂ ਲਗਭਗ 1,00,000 ਸ਼ਰਧਾਲੂ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਪੁੱਜਦੇ ਸਨ। ‘ਬਾਹਰਲੇ’ ਸੈਲਾਨੀਆਂ ਦੀ ਗਿਣਤੀ ਵਿੱਚ ਕਮੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦਰਸ਼ਨੀ ਡਿਉਢੀ ਵਿਚ ਪਹਿਲਾਂ ਵਾਰੀ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਹੁੰਦੀਆਂ ਸਨ ਤੇ ਹੁਣ ਸੰਗਤ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ ਹੈ। ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਾਵਾਂ ’ਚ ਯਾਤਰੂਆਂ ਦੀ ਗਿਣਤੀ ਵਿਚ ਕਰੀਬ 30 ਫ਼ੀ ਸਦੀ ਦੀ ਕਮੀ ਆਈ ਹੈ। ਉਨ੍ਹਾਂ ਦਸਿਆ ਕਿ ਪਹਿਲਗਾਮ ਹਮਲੇ ਤੇ ਕਣਕ ਦੀ ਵਾਢੀ ਕਰ ਕੇ ਸ਼ਰਧਾਲੂਆਂ ਦੀ ਆਮਦ ਘਟੀ ਹੈ। ਇਸੇ ਤਰ੍ਹਾਂ ਹਫ਼ਤੇ ਦੇ ਅੰਤਲੇ ਦਿਨਾਂ ’ਤੇ ਵੀ ਬੁਕਿੰਗ ਘੱਟ ਹੈ।
ਅੰਮ੍ਰਿਤਸਰ ਹੋਟਲ ਅਤੇ ਰੇਸਤਰਾਂ ਐਸੋਸੀਏਸ਼ਨ ਦੇ ਪ੍ਰਧਾਨ ਏਪੀਐਸ ਚੱਠਾ ਨੇ ਕਿਹਾ ਕਿ ਪਹਿਲਗਾਮ ਘਟਨਾ ਤੋਂ ਬਾਅਦ ਹੋਟਲਾਂ ’ਚ 50 ਫ਼ੀ ਸਦੀ ਤੋਂ ਵੱਧ ਬੁਕਿੰਗਾਂ ਰੱਦ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਲੋਕ ਅਪਣੇ ਪੈਸੇ ਵਾਪਸ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਸਾਵਧਾਨੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਹੋਟਲਾਂ ’ਤੇ ਛਾਪੇ ਮਾਰਨ ਕਾਰਨ ਮਹਿਮਾਨਾਂ ਵਿਚ ਦਹਿਸ਼ਤ ਫੈਲ ਗਈ ਸੀ। ਉਨ੍ਹਾਂ ਵਲੋਂ ਇਸ ਸਥਿਤੀ ਨਾਲ ਨਜਿੱਠਣ ਲਈ ਮੈਂਬਰ ਹੋਟਲ ਮਾਲਕਾਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ।
ਫ਼ੈਡਰੇਸ਼ਨ ਆਫ਼ ਹੋਟਲ ਐਂਡ ਗੈਸਟ ਹਾਊਸ (ਵਾਲਡ ਸਿਟੀ) ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਸੈਲਾਨੀਆਂ ਦੀ ਆਮਦ 50 ਫ਼ੀ ਸਦੀ ਤੋਂ ਵੱਧ ਦੀ ਕਮੀ ਆਈ ਹੈ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲਗਭਗ 600 ਹੋਟਲ ਅਤੇ ਗੈਸਟ ਹਾਊਸ ਹਨ ਅਤੇ ਲਗਭਗ 500 ਹੋਟਲ ਸਿਵਲ ਲਾਈਨਜ਼ ਖੇਤਰ ਵਿਚ ਹਨ।