
ਨਗਰ ਨਿਗਮ ਲੁਧਿਆਣਾ ਦੀ ਹਦੂਦ ਅੰਦਰ ਪੈਂਦੇ ਖੇਤਰ ਵਿੱਚ ਕੂੜੇ ਦੇ ਸਹੀ ਪ੍ਰਬੰਧਨ ਬਾਰੇ ਵੱਖ-ਵੱਖ ਧਿਰਾਂ ਨੂੰ ਜਾਣੂ ਕਰਾਉਣ ਲਈ ਇੱਕ ਵਰਕਸ਼ਾਪ ਦਾ ਆਯੋਜਨ ਨਗਰ...
ਨਗਰ ਨਿਗਮ ਲੁਧਿਆਣਾ ਦੀ ਹਦੂਦ ਅੰਦਰ ਪੈਂਦੇ ਖੇਤਰ ਵਿੱਚ ਕੂੜੇ ਦੇ ਸਹੀ ਪ੍ਰਬੰਧਨ ਬਾਰੇ ਵੱਖ-ਵੱਖ ਧਿਰਾਂ ਨੂੰ ਜਾਣੂ ਕਰਾਉਣ ਲਈ ਇੱਕ ਵਰਕਸ਼ਾਪ ਦਾ ਆਯੋਜਨ ਨਗਰ ਨਿਗਮ ਵੱਲੋਂ ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਹਾਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਕੂੜਾ ਪ੍ਰਬੰਧਨ ਸੰਬੰਧੀ ਰੂਲਜ਼-2016 ਬਾਰੇ ਜਾਗਰੂਕ ਕੀਤਾ ਗਿਆ।
ਵਰਕਸ਼ਾਪ ਦਾ ਉਦਘਾਟਨ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਕੀਤਾ, ਇਸ ਮੌਕੇ ਕਮਿਸ਼ਨਰ ਸ੍ਰ. ਜਸਕਿਰਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਮੌਕੇ ਪੰਜਾਬ ਨਗਰ ਬੁਨਿਆਦੀ ਵਿਕਾਸ ਕੰਪਨੀ ਦੇ ਪ੍ਰੋਜੈਕਟ ਡਾਇਰੈਕਟਰ ਸ੍ਰ. ਪੂਰਨ ਸਿੰਘ, ਸ੍ਰੀ ਨਰੇਸ਼ ਕੁਮਾਰ ਅਤੇ ਸ੍ਰ. ਗੁਰਪ੍ਰੀਤ ਸਿੰਘ (ਦੋਵੇਂ ਮਾਹਿਰ), ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਗਰਾਨ ਇੰਜੀਨੀਅਰ ਸ੍ਰੀ ਰਾਜੀਵ ਗਰਗ ਅਤੇ ਹੋਰ ਬੁਲਾਰੇ ਵਜੋਂ ਸ਼ਾਮਿਲ ਹੋਏ।
ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੀਆਂ ਹਦਾਇਤਾਂ 'ਤੇ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਸਾਲਿਡ ਵੇਸਟ, ਪਲਾਸਟਿਕ ਵੇਸਟ, ਬਾਇਓ ਮੈਡੀਕਲ ਵੇਸਟ, ਇਲੈਕਟ੍ਰੋਨਿਕ ਵੇਸਟ, ਕੰਸਟਰੱਕਸ਼ਨ ਵੇਸਟ ਅਤੇ ਡੈਮੋਲੀਸ਼ਨ ਵੇਸਟ ਬਾਰੇ ਬਣੇ ਰੂਲਜ਼-2016 ਬਾਰੇ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਵਿੱਚ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ, ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ, ਹਸਪਤਾਲ, ਹੋਟਲ, ਲੈਬਾਰਟਰੀਆਂ, ਸਨਅਤੀ ਐਸੋਸੀਏਸ਼ਨਾਂ, ਕੂੜਾ ਪ੍ਰਬੰਧਨ ਨਾਲ ਜੁੜੀਆਂ ਸੰਸਥਾਵਾਂ, ਸਕੂਲ ਮੁੱਖੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਕੂੜਾ ਪ੍ਰਬੰਧਨ ਰੂਲਜ਼-2016 ਬਾਰੇ ਸਾਰੀਆਂ ਧਿਰਾਂ ਨੂੰ ਜਾਣੂ ਕਰਾਉਣ ਲਈ ਲੋੜ ਹੈ ਕਿ ਜਾਗਰੂਕਤਾ ਮੁਹਿੰਮ ਆਰੰਭੀ ਜਾਵੇ। ਉਨ੍ਹਾਂ ਲੁਧਿਆਣਾ ਨੂੰ ਦੇਸ਼ ਦਾ ਸਭ ਤੋਂ ਸਰਬੋਤਮ ਸ਼ਹਿਰ ਬਣਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਕੂੜਾ ਪ੍ਰਬੰਧਨ ਰੂਲਜ਼ ਨੂੰ ਪ੍ਰਮੁੱਖਤਾ ਨਾਲ ਲਾਗੂ ਕਰਕੇ ਇਸ 'ਤੇ ਪਹਿਰਾ ਦਿੱਤਾ ਜਾਵੇ। ਉਨ੍ਹਾਂ ਉਮੀਦ ਜਤਾਈ ਕਿ ਇਹ ਵਰਕਸ਼ਾਪ ਦਾ ਆਮ ਲੋਕਾਂ ਅਤੇ ਸ਼ਹਿਰ ਨੂੰ ਕਾਫੀ ਲਾਭ ਮਿਲੇਗਾ।
ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਜਸਕਿਰਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਾਫ਼ ਸੁਥਰਾ ਰੱਖਣ ਵਿੱਚ ਖੁਦ ਅੱਗੇ ਆਉਣ ਨਾਲੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸਹਿਯੋਗ ਕਰਨ। ਉਨ੍ਹਾਂ ਇਸ ਦਿਸ਼ਾ ਵਿੱਚ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਸਟਾਫ਼ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।