
ਮੁੱਖ ਸਕੱਤਰ ਦੇ ਮੁੱਦੇ 'ਤੇ ਹੋ ਸਕਦਾ ਹੈ ਹੁਣ ਛੇਤੀ ਫ਼ੈਸਲਾ
ਚੰਡੀਗੜ੍ਹ : ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮੰਤਰੀਆਂ ਦੇ ਵਿਵਾਦ ਦੇ ਚਲਦਿਆਂ ਮਾਮਲੇ ਨੂੰ ਸੁਲਝਾਉਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੰਚ ਡਿਪਲੋਮੇਸੀ ਤਹਿਤ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਪ੍ਰਗਟ ਸਿੰਘ ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿਚ ਲੰਚ ਬੈਠਕ ਕਰ ਚੁੱਕੇ ਹਨ।
manpreet Badal
ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਵਲੋਂ ਬੜੇ ਹੀ ਗੁਪਤ ਤਰੀਕੇ ਨਾਲ ਦੋਵਾਂ ਮੰਤਰੀਆਂ ਨੂੰ ਲੰਚ 'ਤੇ ਅਪਣੇ ਸੀਸਵਾਂ ਸਥਿਤ ਫਾਰਮ ਹਾਊਸ 'ਤੇ ਸੱਦਿਆ ਗਿਆ। ਉਨ੍ਹਾਂ ਨਾਲ ਮੁੱਖ ਸਕੱਤਰ ਤੇ ਹੋਰ ਨਾਲ ਜੁੜੇ ਮੁੱਦਿਆਂ 'ਤੇ ਹੀ ਚਰਚਾ ਕੀਤਾ ਗਈ ਦਸੀ ਜਾਂਦੀ ਹੈ। ਭਾਵੇਂ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨੂੰ ਖ਼ੁਦ ਕੁੱਝ ਨਹੀਂ ਦਸਿਆ। ਵਾਰ ਵਾਰ ਫ਼ੋਨ 'ਤੇ ਸੰਪਰਕ ਦੇ ਬਾਵਜੂਦ ਉਨ੍ਹਾਂ ਫ਼ੋਨ ਹੀ ਨਹੀਂ ਚੁਕਿਆ।
Charanjit Singh Channi
ਚਰਚਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਸਕੱਤਰ ਬਾਰੇ ਛੇਤੀ ਕੋਈ ਫ਼ੈਸਲਾ ਲੈ ਸਕਦੇ ਹਨ, ਜਿਸ 'ਤੇ ਸੱਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਤਾ ਲੱਗਾ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਸਾਂਸਦ ਮਨੀਸ਼ ਤਿਵਾੜੀ ਵੀ ਮੁੱਖ ਮੰਤਰੀ ਦੇ ਫ਼ਾਰਮ ਹਾਊਸ 'ਤੇ ਪਹੁੰਚੇ ਸਨ।