
2003 ਅਤੇ 2007 ਦੇ ਸੈਕਸ ਸਕੈਂਡਲਾਂ ਦੀ ਤਰਾਂ ਹੁਣ ਵੀ ਸਿਆਸਤਦਾਨਾਂ ਅਤੇ ਪੁਲਸ ਅਫ਼ਸਰਾਂ ਦੀ ਹੈ ਸਿੱਧੀ ਸ਼ਮੂਲੀਅਤ
ਚੰਡੀਗੜ੍ਹ, 24 ਮਈ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੋਗਾ ਸੈਕਸ ਸਕੈਂਡਲ ਵਾਂਗ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ, ਪਰੰਤੂ ਇਸ ਦੀ ਜਾਂਚ ਅਤੇ ਟਰਾਇਲ ਸਮਾਂਬੱਧ ਹੋਵੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਥਾਣਾ 'ਚ ਦਰਜ ਹੋਏ ਸੈਕਸ ਸਕੈਂਡਲ ਨੇ ਇੱਕ ਵਾਰ ਫਿਰ ਮੋਗਾ ਦੇ 2003 ਅਤੇ 2007 ਦੇ ਬਹੁਚਰਚਿਤ ਸੈਕਸ ਸਕੈਂਡਲਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
Harpal Cheema
ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ 2020 ਮੋਗਾ ਸੈਕਸ ਸਕੈਂਡਲ 'ਚ ਵੀ 2003 ਅਤੇ 2007 ਦੇ ਬਹੁਚਰਚਿਤ ਸੈਕਸ ਸਕੈਂਡਲਾਂ ਦੀ ਸ਼ੈਲੀ ਦੁਹਰਾਈ ਗਈ ਹੈ। ਪੁਲਸ ਅਫ਼ਸਰਾਂ-ਕਰਮਚਾਰੀਆਂ ਅਤੇ ਸਿਆਸਤਦਾਨਾਂ ਦੀ ਸਿੱਧੀ ਸ਼ਮੂਲੀਅਤ ਹੈ। ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜਦ ਸੱਤਾਧਾਰੀ ਧਿਰ ਨਾਲ ਸੰਬੰਧਿਤ ਧੜੱਲੇਦਾਰ ਆਗੂ ਅਤੇ ਉਨ੍ਹਾਂ ਦੀ ਅਤਿ ਨਜ਼ਦੀਕੀਆਂ ਸਮੇਤ ਖ਼ੁਦ ਪੁਲਸ ਅਫ਼ਸਰ ਅਜਿਹੇ ਗੰਭੀਰ ਅਪਰਾਧਾਂ 'ਚ ਸ਼ਾਮਲ ਹੋਣ ਤਾਂ ਪੰਜਾਬ ਪੁਲਿਸ ਦੀ ਜਾਂਚ ਕੋਈ ਮਾਇਨੇ ਨਹੀਂ ਰੱਖਦੀ, ਇਸ ਲਈ ਇਹ ਕੇਸ ਤੁਰੰਤ ਸੀਬੀਆਈ ਦੇ ਹਵਾਲੇ ਕੀਤਾ ਜਾਵੇ।
File photo
ਚੀਮਾ ਨੇ ਮੋਗਾ ਦੇ ਮੌਜੂਦਾ ਐਸ.ਐਸ.ਪੀ. ਦੇ ਤੁਰੰਤ ਤਬਾਦਲੇ ਦੀ ਮੰਗ ਕਰਦੇ ਹੋਏ ਕਿਹਾ, ''ਮੋਗਾ 'ਚ ਸਰਕਾਰ ਦਾ ਐਸਐਸਪੀ ਨਹੀਂ ਹੈ, ਸਗੋਂ ਕਾਂਗਰਸ ਦਾ ਐਸਐਸਪੀ ਹੈ। ਅਜਿਹੇ ਕਾਂਗਰਸੀ ਐਸਐਸਪੀ ਕੋਲੋਂ ਦੋਸ਼ੀ ਪੁਲਿਸ ਅਫ਼ਸਰਾਂ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਐਸਐਸਪੀ ਮੋਗਾ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਖਡੂਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਦੇ ਸਕੇ ਭਰਾ ਹਨ।'' ਇਸ ਲਈ ਇਹ ਕੇਸ ਤੁਰੰਤ ਸੀਬੀਆਈ ਦੇ ਹਵਾਲੇ ਕੀਤਾ ਜਾਵੇ।
CBI
ਚੀਮਾ ਨੇ ਕਿਹਾ ਕਿ ਇਸ ਤਾਜ਼ਾ ਸਕੈਂਡਲ 'ਚ ਜਿੰਨਾ 2 ਏਐਸਆਈਜ਼ ਨੂੰ ਬਰਖ਼ਾਸਤ ਕਰਨ ਸਮੇਤ ਕੁੱਲ ਪੰਜ ਲੋਕਾਂ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ, ਇਹ ਮਹਿਜ਼ ਮੋਹਰੇ ਹਨ, ਜਦਕਿ ਇਸ ਪੂਰੇ ਧੰਦੇ ਦੀ ਸਰਪ੍ਰਸਤੀ ਕਰਨ ਵਾਲੀਆਂ ਵੱਡੀਆਂ ਮੱਛੀਆਂ ਅਜੇ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ।, ਜਿਸ ਦੀ ਪੁਸ਼ਟੀ ਮੋਗਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਵੱਲੋਂ ਇੱਕ ਮਹਿਲਾ ਦਾ ਸਰੀਰਕ ਸ਼ੋਸ਼ਣ ਅਤੇ ਬਲੈਕਮੇਲਿੰਗ ਕਰਨ ਦੇ ਗੰਭੀਰ ਮਾਮਲੇ 'ਤੇ ਮੋਗਾ ਪੁਲਸ ਵੱਲੋਂ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ, ਜਦਕਿ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਜਿਹੇ ਗੰਭੀਰ ਕੇਸਾਂ 'ਚ ਪਹਿਲਾਂ ਐਫ.ਆਈ.ਆਰ ਦਰਜ਼ ਕੀਤੀ ਜਾਂਦੀ ਹੈ।
Captain Amrinder Singh
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2020 ਦੇ ਇਸ ਸੈਕਸ ਸਕੈਂਡਲ ਵਾਂਗ ਹੀ 2003 ਅਤੇ 2007 ਵੀ ਮੋਗਾ ਸੈਕਸ ਸਕੈਂਡਲਾਂ 'ਚ ਵੀ ਤਤਕਾਲੀ ਸੱਤਾਧਾਰੀਆਂ ਅਤੇ ਪੁਲਸ ਪ੍ਰਸ਼ਾਸਨ ਦੀ ਸਿੱਧੀ ਭਾਗੀਦਾਰੀ ਰਹੀ ਹੈ। ਚੀਮਾ ਨੇ ਕਿਹਾ ਕਿ ਇਨ੍ਹਾਂ ਹਰਕਤਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਹਮਾਮ 'ਚ ਅਕਾਲੀ ਅਤੇ ਕਾਂਗਰਸੀ ਦੋਵੇਂ ਨੰਗੇ ਹਨ ਅਤੇ ਪੰਜਾਬ ਦੇ ਲੋਕ ਇਨ੍ਹਾਂ ਬਾਰੇ ਚੰਗੀ ਤਰਾਂ ਵਾਕਫ਼ ਹੋ ਚੁੱਕੇ ਹਨ।