
ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਰਹਿਣ ਵਾਲੀ ਸਾਰਾ ਖ਼ਾਨਮ ਪੁੱਤਰੀ ਅਜ਼ਮਤ ਖ਼ਾਂ ਦਾ ਵਿਆਹ ਸਮੀਰ ਖ਼ਾਂ ਵਾਸੀ ਕੋਲਕਾਤਾ ਨਾਲ ਤੈਅ ਹੋਇਆ ਹੈ।
ਚੰਡੀਗੜ੍ਹ -ਪਾਕਿਸਤਾਨੀ ਕੁੜੀਆਂ ਦਾ ਭਾਰਤ ’ਚ ਵਿਆਹ ਕਰਵਾਉਣ ਦਾ ਰੁਝਾਨ ਵਧ ਰਿਹਾ ਹੈ ਪਰ ਭਾਰਤ ਦੇ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਸਖ਼ਤ ਵੀਜ਼ਾ ਨਿਯਮਾਂ ਕਾਰਨ ਉਨ੍ਹਾਂ ਨੂੰ ਵੀਜ਼ਾ ਮਿਲਣ ’ਚ ਕਾਫ਼ੀ ਮੁਸ਼ਕਿਲ ਆ ਰਹੀ ਹੈ। ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਰਹਿਣ ਵਾਲੀ ਸਾਰਾ ਖ਼ਾਨਮ ਪੁੱਤਰੀ ਅਜ਼ਮਤ ਖ਼ਾਂ ਦਾ ਵਿਆਹ ਸਮੀਰ ਖ਼ਾਂ ਵਾਸੀ ਕੋਲਕਾਤਾ ਨਾਲ ਤੈਅ ਹੋਇਆ ਹੈ।
ਉਸ ਨੇ ਆਪਣੇ ਪਰਿਵਾਰ ਨਾਲ ਦੋ ਵਾਰੀ ਭਾਰਤ ਦਾ ਵੀਜ਼ਾ ਅਪਲਾਈ ਕੀਤਾ ਪਰ ਉਸ ਨੂੰ ਵੀਜ਼ਾ ਨਹੀਂ ਮਿਲਿਆ। ਉਸ ਦੇ ਮੰਗੇਤਰ ਸਮੀਰ ਖ਼ਾਂ ਪੁੱਤਰ ਅਹਿਮਦ ਕਮਾਲ ਖ਼ਾਂ ਯੂਸਫ਼ਜ਼ਈ ਨੇ ਭਾਰਤੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਉਸ ਦੀ ਮੰਗੇਤਰ ਸਾਰਾ ਖ਼ਾਨਮ ਨੂੰ ਭਾਰਤ ਦਾ ਵੀਜ਼ਾ ਦੇਵੇ ਤਾਂ ਜੋ ਉਹਨਾਂ ਦਾ ਮਿਲਾਪ ਹੋ ਸਕੇ।
ਸਮੀਰ ਖ਼ਾਂ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੇ ਦੋ ਵਾਰ ਆਪਣੇ ਪਰਿਵਾਰ ਸਮੇਤ ਭਾਰਤ ਦਾ ਵੀਜ਼ਾ ਲੈਣ ਲਈ ਅਪਲਾਈ ਕੀਤਾ ਸੀ
ਪਰ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਹੈ, ਉਹ ਚਾਹੁੰਦਾ ਹੈ ਕਿ ਉਸ ਦੀ ਮੰਗੇਤਰ ਨੂੰ ਭਾਰਤ ਆਉਣ ਦਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਵਿਆਹ ਕਰਵਾ ਕੇ ਘਰ ਵਸਾ ਸਕੇ। ਉਸ ਦੀ ਮੰਗੇਤਰ ਆਪਣੇ ਪਰਿਵਾਰ ਨਾਲ ਦੋ ਵਾਰੀ ਥਾਈਲੈਂਡ ਮਿਲਣ ਲਈ ਆ ਚੁੱਕੀ ਹੈ। ਉਨ੍ਹਾਂ ਦੀ ਥਾਈਲੈਂਡ ’ਚ ਮੰਗਣੀ ਵੀ ਹੋ ਚੁੱਕੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਸਾਰਾ ਨੂੰ ਭਾਰਤ ਦਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਘਰ ਵਸਾ ਸਕਣ।