ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਪਤਨੀ ਮਨਜੀਤ ਮਾਨ ਚਾਰ ਵਰ੍ਹਿਆਂ ਦੇ ਲੰਮੇ ਵਕਫ਼ੇ ਬਾਅਦ ਦਰਸ਼ਕਾਂ ਦੀ ਕਚਹਿਰੀ ਵਿਚ ਪੰਜਾਬੀ.......
ਚੰਡੀਗੜ੍ਹ: ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਪਤਨੀ ਮਨਜੀਤ ਮਾਨ ਚਾਰ ਵਰ੍ਹਿਆਂ ਦੇ ਲੰਮੇ ਵਕਫ਼ੇ ਬਾਅਦ ਦਰਸ਼ਕਾਂ ਦੀ ਕਚਹਿਰੀ ਵਿਚ ਪੰਜਾਬੀ ਫ਼ਿਲਮ 'ਨਨਕਾਣਾ' ਪੇਸ਼ ਕਰਨ ਜਾ ਰਹੇ ਹਨ। ਇਸ ਫ਼ਿਲਮ ਵਿਚ ਗੁਰਦਾਸ ਮਾਨ ਅਪਣੀ ਸਹਿ ਅਭਿਨੇਤਰੀ ਕਵਿਤਾ ਕੌਸ਼ਿਕ ਜੋ ਹਿੰਦੀ ਟੀ.ਵੀ. ਸੀਰੀਅਲਾਂ ਦੀ ਪ੍ਰਸਿੱਧ ਕਲਾਕਾਰ ਵਜੋਂ ਚੰਗੀ ਪਛਾਣ ਬਣਾ ਚੁਕੀ ਹੈ। ਇਸ ਫ਼ਿਲਮ ਨੂੰ ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਵਲੋਂ ਨਵੀਂ ਨਿਰਦੇਸ਼ਨ ਨਾਲ ਫ਼ਿਲਮ ਵਿਚ ਨਵੀਂ ਰੂਹ ਫੂਕਣ ਮਗਰੋਂ ਵੱਡੀ ਸਕਰੀਨ 'ਤੇ ਪੇਸ਼ ਕਰਨ ਜਾ ਰਹੇ ਹਨ।
ਇਹ ਫ਼ਿਲਮ ਜੁਲਾਈ 2018 ਨੂੰ ਵਿਸ਼ਵ ਭਰ ਵਿਚ ਵਿਖਾਈ ਜਾਵੇਗੀ। ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਦੇ ਰੂ ਬ ਰੂ ਹੁੰਦਿਆਂ ਗੁਰਦਾਸ ਮਾਨ ਨੇ ਦਸਿਆ ਕਿ ਇਹ ਫ਼ਿਲਮ ਆਜ਼ਾਦੀ ਦੇ ਆਸ-ਪਾਸ 1941-47 ਦੇ ਦੌਰ ਵਿਚ ਵਿਚਰੇ ਧਰਮ ਸਿੰਘ ਦੀ ਪ੍ਰੇਮ ਕਹਾਣੀ ਹੈ ਜਿਹੜਾ ਡਾਹਢੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਮਨੁੱਖੀ ਪ੍ਰੇਮ ਅਤੇ ਕਦਰਾਂ-ਕੀਮਤਾਂ 'ਤੇ ਡਟ ਕੇ ਪਹਿਰਾ ਦਿੰਦਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਪੰਜਾਬੀ ਫ਼ਿਲਮ ਦਰਸ਼ਕਾਂ ਦੀ ਤਕੜੀ 'ਤੇ ਪੂਰੀ ਤਰ੍ਹਾਂ ਖਰੀ ਉਤਰੇਗੀ।
ਗੁਰਦਾਸ ਮਾਨ ਦੀ ਸਹਿ ਅਭਿਨੇਤਰੀ ਕਵਿਤਾ ਕੌਸ਼ਿਕ ਨੇ ਕਿਹਾ ਕਿ ਉਸ ਨੇ ਟੀ.ਵੀ. ਦੇ ਪਰਦੇ ਉਤੇ ਇਕ ਸੀਰੀਅਲ ਵਿਚ ਔਰਤਾਂ ਦਾ ਮਨੋਬਲ ਉਚਾ ਚੁੱਕਣ ਲਈ ਅਹਿਮ ਕਿਰਦਾਰ ਨਿਭਾ ਕੇ ਵਖਰੀ ਪਛਾਣ ਬਣਾਈ ਹੈ। ਇਸ ਮੌਕੇ ਕਵਿਤਾ ਕੌਸ਼ਿਕ ਨੇ ਕਿਹਾ ਕਿ ਉਹ ਉਘੇ ਗਾਇਕ ਗੁਰਦਾਸ ਮਾਨ ਨਾਲ ਇਸ ਫ਼ਿਲਮ ਵਿਚ ਕੰਮ ਕਰ ਕੇ ਬੜਾ ਮਾਣ ਮਹਿਸੂਸ ਕਰਦੀ ਹੈ। ਇਸ ਮੌਕੇ ਗੁਰਦਾਸ ਮਾਨ ਦੀ ਧਰਮ ਪਤਨੀ ਮਨਜੀਤ ਮਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਨਿਰਦੇਸ਼ਨ ਕੀਤੀਆਂ ਪੰਜਾਬੀ ਫ਼ਿਲਮਾਂ ਵਿਚ ਇਹ ਤੀਜੀ ਫ਼ਿਲਮ ਹੈ।
ਇਸ ਫ਼ਿਲਮ ਵਿਚ ਗੁਰਦਾਸ ਮਾਨ ਅਤੇ ਫ਼ਤਿਹ ਸ਼ੇਰਗਿਲ ਨੇ ਪੰਜ ਗੀਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਗਾਇਆ ਹੈ। ਇਸ ਫ਼ਿਲਮ ਦੇ ਨਿਰਮਾਤਾ ਅਤੇ ਉਘੇ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਅਤੇ ਪੂਜਾ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਦੀ ਗੁਰਦਾਸ ਮਾਨ ਵਰਗੇ ਉੱਘੇ ਫ਼ਨਕਾਰ ਨਾਲ ਕੰਮ ਕਰ ਕੇ ਅੱਜ ਜ਼ਿੰਦਗੀ ਦਾ ਸੁਪਨਾ ਸਾਕਾਰ ਹੋ ਗਿਆ ਹੈ।