
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰੇਨੂ ਸੂਦ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਵਲੋਂ.....
ਹੁਸ਼ਿਆਰਪੁਰ : 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰੇਨੂ ਸੂਦ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਵਲੋਂ ਹੁਸ਼ਿਆਰਪੁਰ ਅਤੇ ਮਾਹਿਲਪੁਰ ਵਿਖੇ ਵਿਸ਼ੇਸ਼ ਮੁਹਿੰਮ ਚਲਾ ਕੇ 11 ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਨੇ ਦਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਿਭਾਗ ਵਲੋਂ ਜਿਥੇ ਵਿਸ਼ੇਸ਼ ਕਾਰਵਾਈ ਉਲੀਕੀ ਗਈ ਹੈ, ਉਥੇ ਜ਼ਿਲ੍ਹੇ ਵਿਚ ਫ਼ੂਡ ਸੇਫਟੀ ਅਤੇ ਸਟੈਂਡਰਡ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਅੱਜ ਹੁਸ਼ਿਆਰਪੁਰ ਅਤੇ ਮਾਹਿਲਪੁਰ ਵਿਖੇ ਸਥਿਤ ਦੁਕਾਨਾਂ 'ਤੇ ਕਾਰਵਾਈ ਕਰਦੇ ਹੋਏ ਪੀਣ ਵਾਲੇ ਪਾਣੀ, ਬਰਫ਼, ਟਰਮਨਿਕ ਪਾਊਡਰ, ਆਈਸਕ੍ਰੀਮ, ਦੁਧ, ਸਮੌਸੇ ਸਮੇਤ ਖਾਣ-ਪੀਣ ਵਾਲੀਆਂ ਵਸਤਾਂ ਦੇ ਕੁੱਲ 11 ਸੈਂਪਲ ਭਰੇ ਗਏ ਹਨ। ਉਨ੍ਹਾਂ ਦਸਿਆ ਕਿ ਸੈਂਪਲ ਲੈਣ ਤੋਂ ਬਾਅਦ ਇਸ ਨੂੰ ਖਰੜ ਵਿਖੇ ਸਰਕਾਰੀ ਲੈਬਾਰਟਰੀ ਵਿਚ ਟੈਸਟਿੰਗ ਲਈ ਭੇਜ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਜੇਕਰ ਰੀਪੋਰਟ ਨੈਗਟਿਵ ਆਉਂਦੀ ਹੈ, ਤਾਂ ਇਸ ਦੀ ਕਾਨੂੰਨੀ ਨਿਯਮਾਂ ਅਨੁਸਾਰ ਸਿਹਤ ਤੇ ਪਰਵਾਰ ਭਲਾਈ ਦੇ ਵਿੰਗ ਫ਼ੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਦੁਆਰਾ ਰੀਪੋਰਟ ਬਣਾ ਕੇ ਕੇਸ ਸੁਣਵਾਈ ਲਈ ਭੇਜਿਆ ਜਾਵੇਗਾ।
ਉਨ੍ਹਾਂ ਦਸਿਆ ਕਿ ਫ਼ੂਡ ਐਂਡ ਸੇਫ਼ਟੀ ਐਕਟ ਤਹਿਤ ਕਿਸੇ ਵੀ ਵਿਕਰੇਤਾ ਨੂੰ ਖਰਾਬ ਜਾਂ ਮਿਲਾਵਟੀ ਸਮਾਨ ਵੇਚਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦਸਿਆ ਕਿ ਜੇਕਰ ਕੋਈ ਦੁਕਾਨਦਾਰ ਖਰਾਬ ਜਾਂ ਮਿਲਾਵਟੀ ਸਮਾਨ ਵੇਚਦਾ ਹੈ, ਤਾਂ ਇਸ ਸਬੰਧੀ ਗੁਪਤ ਜਾਣਕਾਰੀ ਸਿਵਲ ਸਰਜਨ ਦਫ਼ਤਰ ਦੇ ਫ਼ੋਨ ਨੰ: 01882 252170 'ਤੇ ਦਿਤੀ ਜਾ ਸਕਦੀ ਹੈ।