
ਉੱਤਰ ਭਾਰਤ ਵਿਚ ਮਾਨਸੂਨ ਦੀ ਦਸਤਕ ਦੇ ਨਾਲ ਹੀ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ ਹੈ।
ਚੰਡੀਗੜ੍ਹ: ਉੱਤਰ ਭਾਰਤ ਵਿਚ ਮਾਨਸੂਨ ਦੀ ਦਸਤਕ ਦੇ ਨਾਲ ਹੀ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਮਾਨਸੂਨ ਨੇ 48 ਘੰਟਿਆਂ ਦੇ ਅੰਦਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਕਵਰ ਕਰ ਲਿਆ ਹੈ। ਬੀਤੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੋਈ ਬਾਰਿਸ਼ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਮਾਨਸੂਨ ਦੇ 29 ਜੂਨ ਤੋਂ ਬਾਅਦ ਸਰਗਰਮ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
Rain
ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਬੀਤੇ ਦਿਨ ਸਭ ਤੋਂ ਜ਼ਿਆਦਾ ਬਾਰਿਸ਼ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਵਿਤ 33.6 ਮਿਲੀਮੀਟਰ ਅਤੇ ਬਠਿੰਡਾ ਵਿਚ 33 ਮਿਲੀਮੀਟਰ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਸੂਬੇ ਵਿਚ 7.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਆਮ ਨਾਲੋਂ 5 ਮਿਲੀਮੀਟਰ ਵੱਧ ਹੈ।
Monsoon
ਇਸ ਦੌਰਾਨ ਕਈ ਥਾਵਾਂ ‘ਤੇ ਭਾਰੀ ਨੁਕਸਾਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਵਿਚ ਸੂਬੇ ਦੇ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਅਤੇ ਬੱਦਲਵਾਈ ਹੋਣ ਦੀ ਸੰਭਾਵਨਾ ਹੈ। 29 ਜੂਨ ਨੂੰ ਫਿਰ ਤੋਂ ਮਾਨਸੂਨ ਸਰਗਰਮ ਹੋ ਸਕਦਾ ਹੈ। ਦੱਸ ਦਈਏ ਕਿ ਪੰਜਾਬ, ਉਤਰਾਖੰਡ, ਜੰਮੂ-ਕਸ਼ਮੀਰ ਅਤੇ ਲਦਾਖ ਸਮੇਤ ਉੱਤਰ ਪ੍ਰਦੇਸ਼ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ।
Rain In Punjab
ਆਈਐਮਡੀ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਮਾਨਸੂਨ ਨਾਗੌਰ, ਅਲਵਰ, ਦਿੱਲੀ, ਕਰਨਾਲ ਅਤੇ ਫ਼ਿਰੋਜਪੁਰ ਤੋਂ ਹੁੰਦੇ ਹੋਏ ਉੱਤਰ ਵਲ ਚੱਲ ਗਿਆ ਹੈ। ਮਾਨਸੂਨ ਪਛਮੀ ਅਤੇ ਪੂਰਬੀ ਰਾਜਸਥਾਨ ਦੇ ਕੁੱਝ ਹਿੱਸਿਆਂ, ਹਰਿਆਣਾ ਦੇ ਪੂਰਬੀ ਹਿੱਸੇ, ਦਿੱਲੀ, ਪੂਰੇ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤਕ ਵੀਰਵਾਰ ਨੂੰ ਪਹੁੰਚ ਗਿਆ। ਸ਼੍ਰੀਵਾਸਤਵ ਨੇ ਦਸਿਆ ਕਿ ਵੀਰਵਾਰ ਨੂੰ ਦਿੱਲੀ ’ਚ ਹਲਕੀ ਬਾਰਸ਼ ਹੋਈ। ਮੌਸਮ ਮਾਹਰਾਂ ਮੁਤਾਬਕ ਚੱਕਰਵਾਤੀ ਦਬਾਅ ਹੇਠ ਦਿੱਲੀ ’ਚ ਮਾਨਸੂਨ ਸਮੇਂ ਤੋਂ ਪਹਿਲਾਂ ਪੁੱਜ ਗਿਆ ਹੈ।