
1975 ਵਿਚ ਦੇਸ਼ 'ਚ ਐਲਾਨੀ ਐਮਰਜੈਂਸੀ ਦੇ 46 ਸਾਲ ਪੂਰੇ ਹੋਣ 'ਤੇ ਅੱਜ ਦੇਸ਼-ਭਰ 'ਚ 'ਖੇਤੀ ਬਚਾਉ-ਲੋਕਤੰਤਰ ਬਚਾਉ' ਦਿਵਸ ਮਨਾਇਆ ਜਾਵੇਗਾ
ਜਾਵੇਗਾ
ਕਿਸਾਨ-ਅੰਦੋਲਨ ਦੇਸ਼-ਭਰ ਦੇ ਲੋਕਾਂ ਦੀ ਸੇਵਾ-ਭਾਵਨਾ ਨਾਲ ਜਾਰੀ
ਲੁਧਿਆਣਾ, 25 ਜੂਨ (ਪ੍ਰਮੋਦ ਕੌਸ਼ਲ) : ਦਿੱਲੀ ਦੀਆਂ ਹੱਦਾਂ 'ਤੇ ਜਾਰੀ ਇਤਿਹਾਸਕ ਕਿਸਾਨ-ਅੰਦੋਲਨ 26 ਜੂਨ 2021 ਨੂੰ 7 ਮਹੀਨੇ ਪੂਰੇ ਕਰ ਲਵੇਗਾ | ਇਨ੍ਹਾਂ ਸੱਤ ਮਹੀਨਿਆਂ ਵਿਚ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਭਾਰਤ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਕਈ ਰਾਜਾਂ ਦੇ ਲੱਖਾਂ ਕਿਸਾਨਾਂ ਨਾਲ ਵਿਸ਼ਵ ਦਾ ਸੱਭ ਤੋਂ ਵੱਡਾ ਅਤੇ ਲੰਮਾ ਵਿਰੋਧ ਪ੍ਰਦਰਸ਼ਨ ਕੀਤਾ ਹੈ | ਕਿਸਾਨ-ਅੰਦੋਲਨ ਸਦਕਾ ਦੇਸ਼ ਦੇ ਕਿਸਾਨਾਂ ਨੂੰ ਗੌਰਵ ਅਤੇ ਸਨਮਾਨ ਮੁੜ ਹਾਸਲ ਹੋਇਆ ਹੈ | ਦੇਸ਼ ਦਾ ਨੌਜਵਾਨ ਵਰਗ ਵੀ ਕਿਸਾਨ ਅਖਵਾਉਣ 'ਚ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਅੰਦੋਲਨ ਦਾ ਹਿੱਸਾ ਬਣ ਰਿਹਾ ਹੈ | ਕਿਸਾਨ ਔਰਤਾਂ ਵੀ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ ਅਤੇ ਉਹ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਹਨ |
ਭਾਜਪਾ-ਆਰਐਸਐਸ ਸਰਕਾਰ ਵਲੋਂ ਕੀਤੀਆਂ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਦੀ ਏਕਤਾ ਬਣੀ ਹੋਈ ਹੈ | ਦੇਸ਼ ਦੇ ਨਾਗਰਿਕਾਂ ਅਤੇ ਉਨ੍ਹਾਂ ਦੇ ਹਿਤਾਂ ਅਤੇ ਭਲਾਈ ਪ੍ਰਤੀ ਸਰਕਾਰ ਦੀ ਜਵਾਬਦੇਹੀ ਸੰਘਰਸ਼ ਦੇ ਕੇਂਦਰ ਵਿਚ ਹੈ | ਵੀਹਵੀਂ ਸਦੀ ਦੇ ਮਹਾਨ ਕਿਸਾਨ ਆਗੂ ਸਵਾਮੀ ਸਹਿਜਾਨੰਦ ਸਰਸਵਤੀ ਦੀ ਵੀ ਬਰਸੀ ਹੈ | ਉਨ੍ਹਾਂ ਵਲੋਂ ਕੀਤੇ ਅੰਦੋਲਨਾਂ ਵਿਚ ਵੀ ਕਿਸਾਨੀ-ਮਜ਼ਦੂਰ ਏਕਤਾ ਸਥਾਪਤ ਹੋਈ ਸੀ |
ਅੱਜ ਦਾ ਕਿਸਾਨ ਅੰਦੋਲਨ ਵੀ ਇਕਜੁਟਤਾ ਨਾਲ ਕਿਸਾਨ-ਮਜ਼ਦੂਰ ਏਕਤਾ ਨੂੰ ਦਰਸਾਉਂਦਾ ਹੈ, ਜਿਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੋਵਾਂ ਦੀ ਲਹਿਰ ਨੂੰ ਵੱਡੀ ਤਾਕਤ ਮਿਲੀ ਹੈ | ਸੰਯੁਕਤ ਕਿਸਾਨ ਮੋਰਚੇ ਵਲੋਂ ਮਨਾਇਆ ਜਾ ਰਿਹਾ ''ਖੇਤੀ ਬਚਾਉ, ਲੋਕਤੰਤਰ ਬਚਾਉ ਦਿਵਸ'' ਐਮਰਜੈਂਸੀ- 1975 ਤੋਂ 1977 ਦੇ ਕਾਲੇ-ਦਿਨਾਂ ਦੀ ਪਿੱਠਭੂਮੀ ਵਿਰੁਧ ਹੈ | ਉਹ ਅਜਿਹਾ ਸਮਾਂ ਸੀ ਜਦੋਂ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰਾਂ ਨੂੰ ਬੇਰਹਿਮੀ ਨਾਲ ਕੁਚਲਿਆ ਗਿਆ ਅਤੇ ਮਨੁੱਖੀ ਅਧਿਕਾਰਾਂ 'ਤੇ ਰੋਕ ਲਗਾਈ ਗਈ ਸੀ | ਅੱਜ ਦਾ ਤਾਨਾਸ਼ਾਹੀ ਸ਼ਾਸਨ ਉਨ੍ਹਾਂ ਕਾਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ, ਜਦੋਂ ਪ੍ਰਗਟਾਵੇ ਦੀ ਆਜ਼ਾਦੀ, ਮਤਭੇਦ ਦਾ ਅਧਿਕਾਰ
ਅਤੇ ਵਿਰੋਧ ਕਰਨ ਦਾ ਹੱਕ ਸੱਭ ਕੱੁਝ ਰੋਕ ਦਿੱਤਾ ਗਿਆ ਸੀ | ਹੁਣ ਵੀ ਹਾਲਾਤ ਇਸ ਤਰ੍ਹਾਂ ਦੇ ਹਨ | ਇਸ ਦਿਹਾੜੇ 'ਤੇ ਗਵਰਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ-ਪੱਤਰ ਸੌਂਪਦਿਆਂ ਸੰਵਿਧਾਨਿਕ ਹੱਕਾਂ, ਸਿਧਾਂਤਾਂ, ਲੋਕਤੰਤਰ ਦੀ ਰਾਖੀ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਅਪੀਲ ਕੀਤੀ ਜਾਵੇਗੀ |
ਅੱਜ ਸੰਯੁਕਤ ਕਿਸਾਨ ਮੋਰਚੇ ਦੇ ਫੇਸਬੁੱਕ ਲਾਈਵ ਰਾਹੀਂ ਇੱਕ ਵਰਚੁਅਲ ਪ੍ਰੋਗਰਾਮ ਆਯੋਜਤ ਕੀਤਾ ਗਿਆ, ਜਿਥੇ ਬਹੁਤ ਸਾਰੇ ਕਿਸਾਨ ਆਗੂਆਂ ਨੇ ਪੂਰੇ ਭਾਰਤ ਤੋਂ ਭਾਗ ਲਿਆ | ਕਲ ਜਿਵੇਂ ਕਿ ਦੇਸ਼ ਭਰ ਦੇ ਹਜ਼ਾਰਾਂ ਕਿਸਾਨ ਵੱਖ-ਵੱਖ ਰਾਜਾਂ ਵਿਚ ਰਾਜ ਭਵਨਾਂ ਦੀਆਂ ਰੈਲੀਆਂ ਵਿਚ ਮਾਰਚ ਕਰਨ ਲਈ ਤਿਆਰ ਹੋ ਰਹੇ ਹਨ, ਇੱਕਜੁੱਟਤਾ ਦੇ ਇਜ਼ਹਾਰ ਵਜੋਂ, ਭਾਰਤੀ ਡਾਇਸਪੋਰਾ ਨੇ ਵੀ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ ਹੈ | ਅਜਿਹੀ ਹੀ ਇਕ ਰੈਲੀ ਦੀ ਯੋਜਨਾ ਅਮਰੀਕਾ ਦੇ ਮੈਸੇਚਿਉਸੇਟਸ ਵਿਚ ਕੀਤੀ ਜਾ ਰਹੀ ਹੈ | ਅੰਦੋਲਨ ਵਿਚ ਆਮ ਨਾਗਰਿਕਾਂ ਦੀ ਸ਼ਮੂਲੀਅਤ ਕਾਰਨ ਕਿਸਾਨ ਅੰਦੋਲਨ ਲੰਮੇ ਸਮੇਂ ਤਕ ਪੂਰੀ ਤਰ੍ਹਾਂ ਸ਼ਾਂਤੀ ਨਾਲ ਅਪਣਾ ਸੰਘਰਸ਼ ਛੇੜਨ ਵਿਚ ਕਾਮਯਾਬ ਰਿਹਾ ਹੈ | ਇਹ ਉਹ ਨਾਗਰਿਕ ਹਨ, ਜੋ ਸੇਵਾ ਦੀ ਭਾਵਨਾ ਨਾਲ, ਅਣਥੱਕ ਅਤੇ ਨਿਰਸਵਾਰਥ ਸੰਘਰਸ਼ ਦਾ ਸਮਰਥਨ ਕਰ ਰਹੇ ਹਨ |
ਪੱਛਮੀ ਉੱਤਰ ਪ੍ਰਦੇਸ ਦੇ ਸਹਾਰਨਪੁਰ ਅਤੇ ਸਿਸੌਲੀ ਤੋਂ ਹਜਾਰਾਂ ਕਿਸਾਨ ਬੀਕੇਯੂ ਟਿਕੈਤ ਦੀ ਅਗਵਾਈ ਵਿੱਚ ਗਾਜੀਪੁਰ ਗੇਟ ਪਹੁੰਚੇ |