
ਭਾਜਪਾ ਵਲੋਂ ਮੇਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਝੂਠ ਦਾ ਪੁਲੰਦਾ : ਰਾਜੇਵਾਲ
ਐਸ.ਏ.ਐਸ ਨਗਰ, 25 ਜੂਨ (ਸੁਖਦੀਪ ਸਿੰਘ ਸੋਈ): ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਭਾਜਪਾ ਵਲੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪ੍ਰਚਾਰੇ ਜਾਣ ਉਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਇਹ ਪ੍ਰਚਾਰ ਨਿਰਾ ਝੂਠ ਦਾ ਪੁਲੰਦਾ ਹੈ ਅਤੇ ਇਸ ਵਿਚ ਕੋਈ ਸੱਚਾਈ ਨਹੀਂ ਹੈ | ਭਾਜਪਾ ਦਾ ਇਹ ਭੰਡੀ ਪ੍ਰਚਾਰ ਸਿਰਫ਼ ਰਾਜੇਵਾਲ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਹੈ ਤਾਂ ਜੋ ਕਿਸੇ ਤਰੀਕੇ ਨਾਲ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ | ਰਾਜੇਵਾਲ ਨੇ ਕਿਹਾ ਕਿ ਭਾਜਪਾ ਜਾਂ ਹੋਰ ਕਿਸੇ ਵੀ ਸਿਆਸੀ ਪਾਰਟੀਆਂ ਦੀ ਅਜਿਹੀਆਂ ਕੋਝੀਆਂ ਚਾਲਾਂ ਕਿਸਾਨੀ ਸੰਘਰਸ਼ ਨੂੰ ਢਾਹ ਨਹੀਂ ਲਾ ਸਕਦੀਆਂ | ਸ੍ਰ. ਰਾਜੇਵਾਲ ਅੱਜ ਇਥੇ ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਪੁਆਧੀ ਹਲਕਾ ਮੋਹਾਲੀ ਵਲੋਂ ਖੇਤੀ ਕਾਨੂੰਨਾਂ ਵਿਰੁਧ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਵਿਚ ਸ਼ਿਰਕਤ ਕਰਨ ਲਈ ਆਏ ਸਨ |
ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁਧ ਕਿਸਾਨ-ਮਜ਼ਦੂਰਾਂ ਵਲੋਂ ਛੇੜੀ ਹੋਈ ਜੰਗ ਲਗਭਗ ਜਿੱਤੀ ਜਾ ਚੁੱਕੀ ਹੈ ਅਤੇ ਇਸ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਹੈ | ਇਸ ਤੋਂ ਅਗਲੀ ਜੰਗ ਸਿਆਸਤਦਾਨਾਂ ਦੀਆਂ ਚਾਲਾਂ ਤੋਂ ਦੇਸ਼ ਨੂੰ ਬਚਾਉਣ ਲਈ ਲੜੀ ਜਾਣੀ ਹੈ ਜੋ ਕਾਫ਼ੀ ਲੰਬੀ ਚਲੇਗੀ ਅਤੇ ਸਾਡੇ ਦੇਸ਼ ਦੇ ਵੋਟਰਾਂ ਸਿਰ ਉਸ ਜੰਗ ਦੀ ਜ਼ਿੰਮੇਵਾਰੀ ਰਹੇਗੀ ਤਾਂ ਜੋ ਕਿਸੇ ਵੀ ਲਾਲਚ ਵਿਚ ਫਸ ਕੇ ਅਜਿਹੇ ਲੀਡਰਾਂ ਨੂੰ ਵੋਟਾਂ ਨਾ ਪਾਉਣ | ਉਨ੍ਹਾਂ ਅੱਗੇ ਕਿਹਾ ਕਿ ਕਿਸਾਨੀ ਦੇ ਇਸ ਵੱਡੇ ਮਸਲੇ ਉਤੇ ਕਿਸੇ ਵੀ ਸਿਆਸੀ ਪਾਰਟੀ ਨੇ ਜ਼ੁਬਾਨੀਂ ਬਿਆਨਬਾਜ਼ੀ ਤੋਂ ਬਿਨਾ ਕਿਸਾਨਾਂ ਦੇ ਹੱਕ ਵਿਚ ਕੁੱਝ ਵੀ ਨਹੀਂ ਕੀਤਾ ਪ੍ਰੰਤੂ ਸਾਰੀਆਂ ਹੀ ਪਾਰਟੀਆਂ ਕਿਸਾਨੀ ਸੰਘਰਸ਼ ਦਾ ਫਾਇਦਾ ਚੁੱਕਣ ਲਈ ਤਰਲੋਮੱਛੀ ਹੋ ਰਹੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੰਦਰ ਸੋਹਾਣਾ, ਹਰਵਿੰਦਰ ਸਿੰਘ ਨੰਬਰਦਾਰ, ਕੁਲਵੰਤ ਸਿੰਘ ਤਿ੍ਪੜੀ ਤੇ ਹੋਰ ਹਾਜ਼ਰ ਸਨ |
ਪਰਵਿੰਦਰ ਸਿੰਘ ਸੋਹਾਣਾ, ਪ੍ਰੋ. ਮਨਜੀਤ ਸਿੰਘ, ਡਾ. ਬਲਦੇਵ ਸਿੰਘ ਸਿਰਸਾ, ਨਿਰਮੈਲ ਸਿੰਘ ਜੌਲੀ ਮੈਂਬਰ ਐਸ.ਜੀ.ਪੀ.ਸੀ., ਅਮਨ ਪੂਨੀਆਂ, ਕਰਮਜੀਤ ਸਿੰਘ ਨੰਬਰਦਾਰ ਮੌਲ਼ੀ, ਰਣਜੀਤ ਸਿੰਘ ਰੋਡਾ ਮੌਲ਼ੀ, ਕ੍ਰਿਪਾਲ ਸਿੰਘ ਸਿਆਊ, ਬਲਜਿੰਦਰ ਸਿੰਘ ਭਾਗੋਮਾਜਰਾ, ਸੁਰਿੰਦਰ ਸਿੰਘ ਰੋਡਾ ਆਦਿ ਵੀ ਹਾਜ਼ਰ ਸਨ |
photo 25-1