
ਤਿੰਨ ਦਹਾਕੇ ਪੁਰਾਣੇ ਆਰਜ਼ੀ ਪੰਜਾਬੀ ਮਾਸਟਰਾਂ ਨੂੰ ਪੱਕਾ ਕਰ ਕੇ ਪੂਰੀਆਂ ਤਨਖ਼ਾਹਾਂ ਦੇਵੇ ਕੇਜਰੀਵਾਲ ਸਰਕਾਰ : ਜੀ ਕੇ
ਕਸ਼ਮੀਰੀ ਸ਼ਰਨਾਰਥੀ ਮਾਸਟਰਾਂ ਨੂੰ ਤਾਂ ਪੂਰੇ ਹੱਕ, ਫਿਰ ਪੰਜਾਬੀ ਨਾਲ ਵਿਤਕਰਾ ਕਿਉਂ?
ਨਵੀਂ ਦਿੱਲੀ, 25 ਜੂਨ (ਅਮਨਦੀਪ ਸਿੰਘ): ਦਿੱਲੀ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਪੜ੍ਹਾ ਰਹੇ ਆਰਜ਼ੀ ਪੰਜਾਬੀ ਮਾਸਟਰਾਂ ਨੂੰ ਪੱਕਾ ਕਰਨ ਦੀ ਮੰਗ ਨੇ ਮੁੜ ਜ਼ੋਰ ਫੜ ਲਿਆ ਹੈ | 'ਜਾਗੋ' ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ, ਮੰਗ ਕੀਤੀ ਹੈ ਕਿ ਪਿਛਲੇ 30 ਸਾਲਾਂ ਤੋਂ ਸਕੂਲਾਂ ਵਿਚ ਪੰਜਾਬੀ ਪੜ੍ਹਾ ਰਹੇ ਆਰਜ਼ੀ ਮਾਸਟਰਾਂ ਨੂੰ ਹੁਣ ਲਾਏ ਜਾਣ ਵਾਲੇ ਪੰਜਾਬੀ ਤੇ ਉਰਦੂ ਮਾਸਟਰਾਂ ਨਾਲ ਪੱਕਾ ਕਰ ਕੇ, ਸਿੱਧਾ ਸਿਖਿਆ ਮਹਿਕਮੇ ਵਲੋਂ ਤਨਖ਼ਾਹ ਦਿਤੇ ਜਾਣਾ ਯਕੀਨੀ ਬਣਾਇਆ ਜਾਵੇ |
ਉਨ੍ਹਾਂ ਕਿਹਾ, 'ਸੰਨ 1986-1990 ਵਿਚਕਾਰ ਦਿੱਲੀ ਸਰਕਾਰ ਦੇ ਸਿਖਿਆ ਸਕੱਤਰ ਦੀ ਮੰਗ 'ਤੇ ਪੰਜਾਬੀ ਅਕਾਦਮੀ ਵਲੋਂ ਇਹ ਮਾਸਟਰ ਭਰਤੀ ਕੀਤੇ ਗਏ ਸਨ, ਜਿਨ੍ਹਾਂ ਦੇ ਬਕਾਇਦਾ ਲਿਖਤੀ ਇਮਤਿਹਾਨ ਵੀ ਲਏ ਗਏ ਸਨ | ਉਸ ਵੇਲੇ ਦਿੱਲੀ ਸੁਬਾਰਡੀਨੇਟ ਸਟਾਫ਼ ਸਲੈਕਸ਼ਨ ਬੋਰਡ (ਡੀ ਐਸ ਐਸ ਐਸ ਬੀ) ਹੋਂਦ ਵਿਚ ਨਹੀਂ ਸੀ ਆਇਆ | ਆਰਜ਼ੀ ਮਾਸਟਰਾਂ ਨੂੰ ਦਿੱਲੀ ਸਿਖਿਆ ਮਹਿਕਮੇ ਵਲੋਂ ਦਿੱਲੀ ਕੈਬਨਿਟ ਦੀ ਸਿਫ਼ਾਰਸ਼ ਨੰਬਰ 1394, ਤਰੀਕ 17 ਅਪ੍ਰੈਲ 2008 ਨੂੰ ਫੁੱਲ ਟਾਈਮ ਕਰ ਦਿਤਾ ਗਿਆ ਸੀ, ਜਿਨ੍ਹਾਂ ਦੀ ਤਨਖ਼ਾਹ ਬਾਰੇ ਬਜਟ ਸਿਖਿਆ ਮਹਿਕਮੇ ਵਲੋਂ ਕਲਾ, ਸਭਿਆਚਾਰ ਅਤੇ ਭਾਸ਼ਾ ਮਹਿਕਮੇ (ਏ.ਸੀ.ਐਲ) ਰਾਹੀਂ ਭਾਸ਼ਾ ਅਕਾਦਮੀਆਂ ਨੂੰ ਅਲਾਟ ਕਰਨ ਦਾ ਫ਼ੈਸਲਾ ਲਿਆ ਗਿਆ ਸੀ | ਇਸ ਫ਼ੈਸਲੇ ਦਾ ਲਾਭ ਸਿਰਫ਼ 231 ਮਾਸਟਰਾਂ ਨੂੰ ਹੋਇਆ, ਜਿਸ ਵਿਚ ਸਿਰਫ਼ 106 ਪੰਜਾਬੀ, 50 ਸੰਸਕਿ੍ਤ ਅਤੇ 75 ਉਰਦੂ ਦੇ ਸਨ ਜਦ ਕਿ ਵੱਡੀ ਤਾਦਾਦ ਵਿਚ ਪੰਜਾਬੀ ਦੇ ਮਾਸਟਰ ਇਸ ਹੱਕ ਤੋਂ ਅੱਜ ਵੀ ਵਾਂਝੇ ਹਨ | ਇਸ ਦੇ ਬਾਵਜੂਦ ਕਸ਼ਮੀਰੀ ਸ਼ਰਨਾਰਥੀ ਮਾਸਟਰਾਂ ਨੂੰ ਪੂਰੇ ਹੱਕ ਦਿਤੇ ਜਾ ਰਹੇ ਹਨ | ਇਹ ਵਿਤਕਰਾ ਕਿਉਂ?'
ਪੰਜਾਬੀ ਮਾਸਟਰਾਂ ਵਲੋਂ ਜੀ ਕੇ ਨੂੰ ਅਪਣੀਆਂ ਦਿੱਕਤਾਂ ਬਾਰੇ ਦਿਤੇ ਮੰਗ ਪੱਤਰ ਪਿਛੋਂ ਉਨ੍ਹਾਂ ਮੱੁਖ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਬਾਰੇ ਧਿਆਨ ਦਿਵਾਇਆ ਹੈ | ਉਨ੍ਹਾਂ ਹਾਲ ਹੀ ਵਿਚ ਕਢੀਆਂ ਗਈਆਂ ਪੰਜਾਬੀ ਮਾਸਟਰਾਂ ਦੀਆਂ ਅਸਾਮੀਆਂ ਲਈ ਵੀ ਕੇਜਰੀਵਾਲ ਦਾ ਧਨਵਾਦ ਕੀਤਾ |