
ਛੇਤੀ ਹੱਲ ਕੱਢਣ ਲਈ ਕੁੱਝ ਸੀਨੀਅਰ ਨੇਤਾ ਦਿੱਲੀ 'ਚ
ਰਾਹੁਲ ਗਾਂਧੀ ਨਾਲ ਦਿਨ ਭਰ ਵਿਚਾਰ ਚਰਚਾ ਹੋਈ
ਚੰਡੀਗੜ੍ਹ, 25 ਜੂਨ (ਜੀ.ਸੀ. ਭਾਰਦਵਾਜ) : ਪੰਜਾਬ 'ਚ ਪਿਛਲੇ ਕਈ ਮਹੀਨਿਆਂ ਤੋਂ ਸੱਤਾਧਾਰੀ ਕਾਂਗਰਸ 'ਚ ਚੱਲ ਰਿਹਾ ਕੁਰਸੀ ਵਾਸਤੇ ਘਮਸਾਨ, ਪਾਰਟੀ ਹਾਈ ਕਮਾਂਡ ਨੇ ਨਿਬੇੜਾ ਕਰਨ ਕੰਢੇ ਲੈ ਆਂਦਾ ਹੈ | ਹਰ ਗੁੱਟ ਅਤੇ ਹਰੇਕ ਸ਼ਿਕਾਇਤਕਰਤਾ ਨੇ ਦਿੱਲੀ ਜਾ ਕੇ ਪਹਿਲਾਂ ਤਿੰਨ ਮੈਂਬਰੀ ਖੜਗੇ ਪੈਨਲ ਨੂੰ ਅਪਣਾ ਦੁੱਖ ਦਰਦ ਸੁਣਾ ਦਿਤਾ ਤੇ ਫਿਰ ਕਾਂਗਰਸੀ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਨੇ ਅਪਣਾ ਪੱਖ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਖੁਲ੍ਹ ਕੇ ਬਿਆਨ ਕਰ ਦਿਤਾ |
ਇਸ ਸੰਕਟਮਈ ਹਾਲਾਤ ਨੂੰ ਸਥਿਰ ਕਰਨ ਅਤੇ ਪੰਜਾਬ ਦੇ ਹਰ ਵਰਗ ਨਾਲ ਸਬੰਧਤ ਪਿਛਲੇ ਸਾਢੇ ਚਾਰ ਸਾਲ ਤੋਂ ਉਭਰੀਆਂ ਸਮੱਸਿਆਵਾਂ ਤੇ ਚੋਣ ਮੈਨੀਫ਼ੈਸਟੋ 'ਚ ਕੀਤੇ ਵਾਅਦਿਆਂ ਦੀ ਪੂਰਤੀ ਲਈ ਹਾਈ ਕਮਾਂਡ ਨੇ 18 ਨੁਕਾਤੀ ਪ੍ਰੋਗਰਾਮ ਮੁੱਖ ਮੰਤਰੀ ਨੂੰ ਦੇ ਦਿਤਾ ਹੈ | ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਅੱਜ ਪੂਰਾ ਦਿਨ ਇਕ ਸਥਿਰ ਤੇ ਪੁਖਤਾ ਹੱਲ ਕੱਢਣ ਲਈ ਸੀਨੀਅਰ ਨੇਤਾ ਲਾਲ ਸਿੰਘ ਤੇ ਹੋਰ ਕਈ ਮਾਹਰਾਂ ਨਾਲ ਵਿਚਾਰ ਕੀਤਾ |
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਖੜਗੇ ਪੈਨਲ ਦੇ ਤਿੰਨ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ | ਹਾਈ ਕਮਾਂਡ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਗਲੇ ਹਫ਼ਤੇ ਹਾਈ ਕਮਾਂਡ ਵਲੋਂ ਫ਼ੈਸਲਾ ਆਉਣਾ ਸੰਭਵ ਹੈ ਜਿਸ 'ਚ ਕਾਂਗਰਸ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ 'ਚ ਵੱਡੀ ਰੱਦੋ-ਬਦਲ ਕੀਤੀ ਜਾ ਸਕਦੀ ਹੈ |
ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੀ ਥਾਂ ਤਜਬੇਕਾਰ ਪਾਰਟੀ ਨਾਲ 50 ਸਾਲਾਂ ਤੋਂ ਜੁੜੇ ਤਿੰਨ ਵਾਰ ਮੰਤਰੀ ਰਹਿ ਚੁੱਕੇ ਸ. ਲਾਲ ਸਿੰਘ ਨੂੰ ਨਿਯੁਕਤ ਕਰਨਾ ਅਤੇ ਉਨ੍ਹਾਂ ਨਾਲ ਦੋ ਵਰਕਿੰਗ ਪ੍ਰਧਾਨ ਇਕ ਦਲਿਤ ਅਤੇ ਇਕ ਹਿੰਦੂ ਨੇਤਾ ਲਾਉਣਾ, ਇਸ ਰੇੜਕੇ ਦਾ ਹੱਲ ਕੱਢਣ ਦੀ ਸੰਭਾਵਨਾ ਹੈ | ਦਲਿਤਾਂ 'ਚੋਂ ਦੂਲੋ, ਵੇਰਕਾ ਅਤੇ ਹਿੰਦੂਆਂ 'ਚੋਂ ਨਵਜੋਤ ਸਿੱਧੂ ਜਾਂ ਬ੍ਰਹਮ ਮਹਿੰਦਰਾ ਹੋ ਸਕਦੇ ਹਨ | ਥੱਲੇ 31 ਜਾਂ 51 ਮੈਂਬਰੀ ਰਾਜ ਪਧਰੀ ਕਮੇਟੀ ਅਤੇ ਜ਼ਿਲ੍ਹਾ
ਪ੍ਰਧਾਨ ਸਾਰੇ ਨਵੇਂ ਸਿਰਿਉਂ ਨਿਯੁਕਤ ਕੀਤੇ ਜਾਣਗੇ |
ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਲਾਉਣ ਤੋਂ ਗੁਰੇਜ਼ ਕਰਨ ਵਾਲੀ ਕਾਂਗਰਸ ਹਾਈ ਕਮਾਂਡ ਇਸ ਸਮੇਂ ਬੇਹੱਦ ਡਰੀ ਹੋਈ ਹੈ ਕਿ ਕਿਤੇ ਸਿੱਧੀ ਦੋਫ਼ਾੜ ਹੋਣ ਨਾਲ ਪਾਰਟੀ ਜਨਵਰੀ 2022 'ਚ ਵਿਧਾਨ ਸਭਾ ਚੋਣਾਂ 'ਚ ਮੂੰਹ ਭਾਰ ਨਾ ਡਿੱਗ ਜਾਵੇ |
ਸੂਤਰਾਂ ਦਾ ਕਹਿਣਾ ਹੈ ਕਿ ਛੁੱਟੀ ਕੀਤੇ ਜਾਣ ਵਾਲੇ 5-6 ਮੰਤਰੀਆਂ 'ਚੋਂ 4 ਅੱਜ ਵੀ ਦਿੱਲੀ 'ਚ ਸਨ ਅਤੇ ਅਪਣੀ ਕੁਰਸੀ ਬਚਾਉਣ ਵਾਸਤੇ ਰਾਹੁਲ ਤਕ ਪਹੁੰਚ ਕਰ ਰਹੇ ਸਨ |
ਅੰਦਰੂਨੀ ਇਸ਼ਾਰਾ ਇਹ ਵੀ ਮਿਲਿਆ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ 'ਚ ਪੰਜਾਬ ਪਾਰਟੀ ਸੰਕਟ ਦੇ ਹੱਲ ਨੂੰ ਲੈ ਕੇ ਅਪਣਾਈ ਜਾ ਰਹੀ ਨੀਤੀ ਅੱਡੋ-ਅੱਡ ਹੈ | ਰਾਹੁਲ ਇਕ ਦਮ ਨੌਜਵਾਨ ਬਿ੍ਗੇਡ ਦੇ ਹੱਕ 'ਚ ਹਨ, ਇਥੋਂ ਤਕ ਕਿ 2022 ਚੋਣਾਂ ਮੌਕੇ ਕੈਪਟਨ ਦੀ ਥਾਂ ਨਵਜੋਤ ਸਿੱਧੂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਜਦਕਿ ਸੋਨੀਆ ਗੁੱਟ ਦੇ ਤਜਰਬੇਕਾਰ ਨੇਤਾ, ਕੈਪਟਨ ਦੀ ਸਰਦਾਰੀ ਕਾਇਮ ਰੱਖਣ 'ਚ ਪਾਰਟੀ ਦੀ ਸਫ਼ਲਤਾ ਸਮਝਦੇ ਹਨ |
ਆਉਂਦੇ ਹਫ਼ਤੇ ਅਤੇ ਵਿਸ਼ੇਸ਼ ਕਰ ਕੇ ਜੁਲਾਈ ਦੇ ਪਹਿਲੇ ਕੁੱਝ ਦਿਨਾਂ 'ਚ ਹੀ ਪਾਰਟੀ ਤੇ ਮੰਤਰੀ ਮੰਡਲ 'ਚ ਵੱਡੀ ਅਦਲਾ-ਬਦਲੀ ਜ਼ਰੂਰ ਹੋਣ ਦੇ ਆਸਾਰ ਕਾਫ਼ੀ ਠੋਸ ਹੋ ਗਏ ਹਨ |
ਫ਼ੋਟੋ : ਕੈਪਟਨ, ਲਾਲ ਸਿੰਘ, ਨਵਜੋਤ ਸਿੱਧੂ, ਸੁਨੀਲ ਜਾਖੜ