
ਮੈਂ ਪੀਟੀਸੀ ਚੈਨਲ ਦੇ ਸਖ਼ਤ ਖਿਲਾਫ਼ ਹਾਂ : ਜਸਵੰਤ ਸਿੰਘ ਪੁੜੈਨ
ਅੰਮ੍ਰਿਤਸਰ - ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਇਜਲਾਸ ਹੋਇਆ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਗੁਰਦੁਆਰਾ ਸੋਧ ਬਿੱਲ ਦਾ ਵਿਰੋਧ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਨੇ ਇਹ ਬਿੱਲ ਅਪਣੇ ਵੱਲੋਂ ਰੱਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਐੱਸਜੀਪੀਸੀ ਇਸ ਬਿੱਲ ਦੇ ਵਿਰੋਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਮੋਰਚਾ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਜਿੱਥੇ ਐੱਸਜੀਪੀਸੀ ਮੈਂਬਰਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਉੱਥੇ ਹੀ ਇਸ ਇਜਲਾਸ ਵਿਚ ਬਾਗੀ ਸੁਰ ਵੀ ਸੁਣਨ ਨੂੰ ਮਿਲੇ।
ਮੈਂ ਪੀਟੀਸੀ ਚੈਨਲ ਦੇ ਸਖ਼ਤ ਖਿਲਾਫ਼ ਹਾਂ : ਜਸਵੰਤ ਸਿੰਘ ਪੁੜੈਨ
ਕਈ ਮੈਂਬਰਾਂ ਨੇ ਅਪਣੀ ਪ੍ਰਤੀਕਿਰਿਆ ਵਿਚ SGPC ਪ੍ਰਧਾਨ ਨੂੰ ਸ਼ੀਸ਼ਾ ਦਿਖਾਇਆ। ਮੈਂਬਰਾਂ ਨੇ ਕਿਹਾ ਕਿ ਅਜੇ ਤੱਕ ਉਹਨਾਂ ਨੂੰ ਉਹ ਐਗਰੀਮੈਂਟ ਨਹੀਂ ਮਿਲਿਆ ਜੋ ਕਿ ਇਕ ਨਿੱਜੀ ਚੈਨਲ ਨਾਲ ਕੀਤਾ ਗਿਆ ਹੈ ਤਾਂ ਜੋ ਉਹ ਵੀ ਦੱਸ ਸਕਣ ਕਿ ਉਹ SGPC ਦੇ ਨਾਲ ਹਨ ਜਾਂ ਨਹੀਂ। ਇਸ ਇਜਲਾਸ ਦੌਰਾਨ ਜਸਵੰਤ ਸਿੰਘ ਪੁੜੈਨ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਦੋਂ ਕੋਈ ਵਿਰੋਧੀ ਧਿਰ ਸਾਨੂੰ ਸਵਾਲ ਪੁੱਛਦੀ ਹੈ ਕਿ ਤੁਹਾਡੇ ਜਥੇਦਾਰ ਨੇ ਚੈਨਲ ਖੋਲ੍ਹਣ ਦਾ ਹੁਕਮ ਦਿੱਤਾ ਸੀ ਉਹ ਤਾਂ ਤੁਹਾਡੇ ਕੋਲੋਂ ਖੋਲ੍ਹਿਆ ਨਹੀਂ ਗਿਆ ਫਿਰ ਉੱਥੇ ਕੀ ਜਵਾਬ ਦੇਈਏ। ਕੀ ਹੁਣ PTC ਚੈਨਲ ਬੰਦ ਹੋਊ ਜਾਂ ਸ਼੍ਰੋਮਣੀ ਕਮੇਟੀ ਅਪਣਾ ਚੈਨਲ ਖੋਲੇਗੀ, ਲੋਕ ਅਤੇ ਮੈਂ ਪੀਟੀਸੀ ਚੈਨਲ ਦੇ ਸਖ਼ਤ ਖਿਲਾਫ਼ ਹਾਂ। ਸਾਨੂੰ ਤਾਂ ਅਜੇ ਤੱਕ ਕਿਸੇ ਮੈਂਬਰ ਨੂੰ ਐਗਰੀਮੈਂਟ ਵੀ ਨਹੀਂ ਮਿਲਿਆ ਜਿਸ ਨਾਲ ਅਸੀਂ SGPC ਨਾਲ ਸਹਿਮਤ ਹੋ ਜਾਈਏ। ਉਹਨਾਂ ਨੇ ਕਿਹਾ ਕਿ ਸਾਡੇ ਕਈ SGPC ਮੈਂਬਰ ਵੀ ਪੀਟੀਸੀ ਚੈਨਲ ਦਾ ਨਾਮ ਨਹੀਂ ਸੁਣਨਾ ਚਾਹੁੰਦੇ।
ਜਿਹੜੀ ਉਂਗਲ ਵਾਰ-ਵਾਰ ਤੁਹਾਡੇ ਵੱਲ ਉੱਠੇ ਉਸ ਰੌਲੇ ਨੂੰ ਮੁਕਾ ਦੇਣਾ ਚਾਹੀਦਾ ਹੈ - ਗੁਰਪ੍ਰੀਤ ਸਿੰਘ
ਇਸ ਦੇ ਨਾਲ ਹੀ ਇਸ ਇਜਲਾਸ 'ਚ ਬਾਬਾ ਗੁਰਪ੍ਰੀਤ ਸਿੰਘ ਨੇ ਵੀ ਇਸ ਬਿੱਲ ਜਤਾਇਆ ਪਰ ਨਾਲ ਹੀ ਜਸਵੰਤ ਸਿੰਘ ਪੁੜੈਨ ਦੇ ਬਿਆਨਾਂ ਨਾਲ ਵੀ ਸਹਿਮਤੀ ਜਤਾਈ। ਬਾਬਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇ SGPC ਵੱਲੋਂ ਇਹ ਕੰਮ ਪਹਿਲਾਂ ਕਰ ਲਿਆ ਜਾਂਦਾ ਜਾਂ ਫਿਰ ਹੁਣ ਵੀ ਕਰ ਲਵੇ ਤਾਂ ਇਸ ਸਭ ਰੌਲਾ ਮੁੱਕ ਜਾਵੇਗਾ।
ਉਹਨਾਂ ਨੇ ਸਿੱਧੇ ਤੌਰ 'ਤੇ SGPC ਪ੍ਰਧਾਨ ਨੂੰ ਕਿਹਾ ਕਿ ਜਿਹੜੀ ਉਂਗਲ ਵਾਰ-ਵਾਰ ਤੁਹਾਡੇ ਵੱਲ ਆਵੇ ਉਸ ਨੂੰ ਮੁਕਾ ਦੇਣਾ ਹੀ ਚੰਗਾ ਹੈ। ਦੇਖਿਆ ਜਾਵੇ ਤਾਂ ਸਿੱਧੇ ਤੌਰ 'ਤੇ ਗੁਰਪ੍ਰੀਤ ਸਿੰਘ ਨੇ SGPC ਪ੍ਰਧਾਨ ਨੂੰ ਨਵਾਂ ਚੈਨਲ ਖੋਲ੍ਹਣ ਦੀ ਗੱਲ ਕਹੀ ਹੈ।
ਮੈਨੂੰ ਅੱਜ ਕਈ ਫੋਨ ਆਏ ਕਿ SGPC ਵੱਲੋਂ ਇਜਲਾਸ ਦੇ ਲਾਈਵ ਨੂੰ ਐਡਿਟ ਕਰ ਕੇ ਚਲਾਇਆ ਜਾ ਰਿਹਾ ਹੈ - ਬੀਬੀ ਜਗੀਰ ਕੌਰ
ਇਸ ਦੇ ਨਾਲ ਹੀ ਇਸ ਇਜਲਾਸ ਵਿਚ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਦੇ ਵੀ ਤਿੱਖੇ ਬਿਆਨ ਸੁਣਨ ਨੂੰ ਮਿਲੇ। ਉਹਨਾਂ ਨੇ ਸ਼ੁਰੂਆਤ ਵਿਚ ਹੀ SGPC ਪ੍ਰਧਾਨ ਨੂੰ ਬੇਨਤੀ ਕੀਤੀ ਕਿ ਜੇ ਉਹਨਾਂ ਦਾ ਪ੍ਰੋਗਰਾਮ ਚਲਾਉਣਾ ਹੈ ਤਾਂ ਸਾਰਾ ਚਲਾਇਆ ਜਾਵੇ ਨਾ ਤਾਂ ਐਡਿਟ ਕੀਤਾ ਜਾਵੇ ਤੇ ਨਾ ਹੀ ਇਸ ਨੂੰ ਰੋਕ ਕੇ ਚਲਾਇਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੂੰ ਸਵੇਰ ਦੇ ਕਈ ਫੋਨ ਆ ਚੁੱਕੇ ਹਨ ਕਿ ਅੱਜ ਦਾ ਇਜਲਾਸ ਵਿਚੋਂ ਕੱਟ ਕੇ ਚਲਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਅਪਣੇ ਵੱਲੋਂ ਇਜਲਾਸ ਵਿਚ ਇਕ ਪੰਥਕ ਮਤਾ ਵੀ ਪੇਸ਼ ਕੀਤਾ ਹੈ ਜੋ ਕਿ ਉਹਨਾਂ ਨੇ ਆਪ ਪੜ੍ਹ ਕੇ ਸੁਣਾਇਆ ਤੇ ਇਸ ਮਤੇ ਦੇ ਅਖੀਰ ਵਿਚ ਹੰਗਾਮਾ ਵੀ ਹੋਇਆ। ਇਸ ਮਤੇ ਵਿਚ ਬੀਬੀ ਜਗੀਰ ਕੌਰ ਨੇ ਅਪਣੇ ਵਿਚਾਰ ਤੇ ਅੱਜ ਸਿੱਖ ਸੰਸਥਾਵਾਂ ਤੋਂ ਹੋਰਾਂ ਦੇ ਏਕਾਅਧਿਕਾਰ ਨੂੰ ਖ਼ਤਮ ਕਰਨ ਦੀ ਵੀ ਗੱਲ ਕੀਤੀ।
ਜੇ ਅੱਜ ਝੁਕ ਗਏ ਤਾਂ ਸ਼੍ਰੋਮਣੀ ਕਮੇਟੀ ਦਾ ਵਜੂਦ ਖ਼ਤਮ ਹੋ ਜਾਵੇਗਾ - ਹਰਜਿੰਦਰ ਧਾਮੀ
ਇਸ ਦੇ ਨਾਲ ਹੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਦਾ ਸੈਸ਼ਨ ਇਤਿਹਾਸ ਰਚਣ ਵਾਲਾ ਹੈ। 1925 ਵਿਚ ਐਕਟ ਦੇ ਲਾਗੂ ਹੋਣ ਤੋਂ ਲੈ ਕੇ 1959 ਤੱਕ ਸਿੱਖਾਂ ਨੇ ਯਤਨ ਕਰਕੇ ਗੁਰਦੁਆਰਾ ਐਕਟ ਨੂੰ ਮਜ਼ਬੂਤ ਕੀਤਾ ਸੀ। ਹਰਜਿੰਦਰ ਧਾਮੀ ਨੇ ਕਿਹਾ ਕਿ ਗੁਰਦੁਆਰਾ ਐਕਟ 1925 ਵਿਚ ਸੋਧ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇੱਕ ਤਿਹਾਈ ਸਹਿਮਤੀ ਜ਼ਰੂਰੀ ਹੈ। ਹੁਣ ਤੱਕ ਦੀਆਂ ਸਾਰੀਆਂ ਵੋਟਾਂ ਪਾਸ ਹੋਈਆਂ ਹਨ ਅਤੇ ਐਕਟ ਵਿਚ ਸੋਧਾਂ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਨਾਲ ਕੀਤੀਆਂ ਗਈਆਂ ਹਨ। ਇਸ ਵਾਰ ਪੰਜਾਬ ਸਰਕਾਰ ਸਿੱਖਾਂ ਦੇ ਪਿਉ-ਦਾਦਿਆਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕਰਕੇ ਇਸ ਐਕਟ ਵਿਚ ਜ਼ਬਰਦਸਤੀ ਸੋਧ ਕਰਨਾ ਚਾਹੁੰਦੀ ਹੈ ਜੋ ਕਿ ਨਹੀਂ ਹੋਣ ਦਿੱਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਧੇ ਤੌਰ ’ਤੇ ਗੁਰਦੁਆਰਾ ਪ੍ਰਬੰਧਾਂ ਵਿਚ ਦਖ਼ਲਅੰਦਾਜ਼ੀ ਕਰ ਕੇ ਗੈਰ-ਸੰਵਿਧਾਨਕ ਬਿੱਲ ਪਾਸ ਕੀਤਾ ਗਿਆ। ਇਸ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਧਾਮੀ ਨੇ ਕਿਹਾ ਕਿ ਜੇ ਅੱਜ ਝੁਕ ਗਏ ਤਾਂ ਸ਼੍ਰੋਮਣੀ ਕਮੇਟੀ ਦਾ ਵਜੂਦ ਖ਼ਤਮ ਹੋ ਜਾਵੇਗਾ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਗੁਰਬਾਣੀ ਪ੍ਰਸਾਰਣ ਨੂੰ ਮੁੱਦਾ ਬਣਾ ਕੇ ਸਿੱਖ ਸੰਸਥਾ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਕਟ ਵਿਚ ਸੋਧ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਦੀ ਬਹੁਮਤ ਹੋਣੀ ਜ਼ਰੂਰੀ ਹੈ। ਸੋਧ ਮਤੇ ਨੂੰ ਜਨਰਲ ਹਾਊਸ ਪਾਸ ਕਰਕੇ ਕੇਂਦਰ ਨੂੰ ਭੇਜਦਾ ਹੈ ਤਾਂ ਹੀ ਪਾਰਲੀਮੈਂਟ ਮਨਜ਼ੂਰੀ ਦਿੰਦੀ ਹੈ। ਹਰਜਿੰਦਰ ਧਾਮੀ ਨੇ ਕਿਹਾ ਕਿ ਫਿਰ ਵੀ ਸਰਕਾਰ ਨਾ ਮੰਨੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਸ਼ੁਰੂ ਕਰਾਂਗੇ।