
ਖੇਤਾਂ 'ਚ ਚਾਰੇ-ਪਾਸੇ ਭਰਿਆ ਪਾਣੀ ਹੀ ਪਾਣੀ
ਅਬੋਹਰ: ਅਬੋਹਰ 'ਚ ਪਏ ਮੀਂਹ ਕਾਰਨ ਹਲਕਾ ਬੱਲੂਆਣਾ ਦੇ ਪਿੰਡ ਭਾਗੂ ਅਤੇ ਬਹਾਵਵਾਲਾ ਵਿਚੋਂ ਲੰਘਦੀ ਸੁਖਚੈਨ ਮਾਈਨਰ ਵਿਚ ਪਾੜ ਪੈ ਗਿਆ। ਇਸ ਕਾਰਨ ਕਰੀਬ 50 ਏਕੜ ਨਰਮੇ ਦੀ ਫ਼ਸਲ ਵਿਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਕਿਸਾਨਾਂ ਨੇ ਨਹਿਰ 'ਚ ਪਾੜ ਨੂੰ ਭਰਨਾ ਸ਼ੁਰੂ ਕਰ ਦਿਤਾ ਹੈ।
ਇਹ ਵੀ ਪੜ੍ਹੋ: ਹਿਮਾਚਲ 'ਚ ਮੀਂਹ ਨੇ ਮਚਾਈ ਤਬਾਹੀ, ਚੰਡੀਗੜ੍ਹ-ਮਨਾਲੀ NH-18 ਘੰਟੇ ਲਈ ਬੰਦ
ਕਿਸਾਨ ਕੁਲਦੀਪ ਸਿੰਘ, ਖੁਸ਼ਦੀਪ, ਮੇਵਾ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦਸਿਆ ਕਿ ਪਹਿਲਾਂ ਵੀ ਵਿਭਾਗ ਵਲੋਂ ਇਸ ਨਹਿਰ ’ਤੇ ਓਵਰਫਲੋਅ ਪਾਣੀ ਨੂੰ ਘੱਟ ਕਰਨ ਲਈ ਰਸਤਾ ਬਣਾਇਆ ਗਿਆ ਸੀ, ਜਿਸ ਨੂੰ ਵਿਭਾਗ ਨੇ ਕੁਝ ਸਮਾਂ ਪਹਿਲਾਂ ਬੰਦ ਕਰ ਦਿਤਾ ਸੀ। ਇਸ ਕਾਰਨ ਬੀਤੀ ਰਾਤ ਨੂੰ ਜਦੋਂ ਭਾਰੀ ਮੀਂਹ ਪਿਆ ਤਾਂ ਨਹਿਰ ਦੇ ਓਵਰਫਲੋਅ ਹੋਣ ਕਾਰਨ ਨਹਿਰ ਵਿਚ ਕਰੀਬ 50 ਫੁੱਟ ਪਾੜ ਪੈ ਗਿਆ।
ਇਹ ਵੀ ਪੜ੍ਹੋ: ਵਿਸ਼ੇਸ਼ ਉਲੰਪਿਕ ਵਿਸ਼ਵ ਖ਼ੇਡਾਂ 2023, ਭਾਰਤ ਨੇ 202 ਤਗਮੇ ਕੀਤੇ ਅਪਣੇ ਨਾਂਅ
ਪਾਣੀ ਦੇ ਵਹਿਣ ਕਾਰਨ ਨੇੜਲੇ ਖੇਤਾਂ ਵਿਚ ਖੜ੍ਹੀ ਨਰਮੇ ਦੀ ਫ਼ਸਲ ਡੁੱਬ ਗਈ। ਇਸ ਦੇ ਨਾਲ ਹੀ ਕਈ ਕਿਸਾਨਾਂ ਨੂੰ ਆਪਣੀ ਵਾਰੀ ਨਾ ਮਿਲਣ ਕਾਰਨ ਨੁਕਸਾਨ ਵੀ ਝੱਲਣਾ ਪਵੇਗਾ। ਬੇਲਦਾਰ ਰਾਕੇਸ਼ ਨੇ ਦਸਿਆ ਕਿ ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ ਅਤੇ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਦੇ ਹੁਕਮਾਂ ’ਤੇ ਜੇਸੀਬੀ ਲਗਾ ਕੇ ਨਹਿਰ ਨੂੰ ਬੰਨ੍ਹਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ।