
ਦੇਸ਼ ਭਰ ਵਿਚ ਟਰੱਕਾਂ ਦੀ ਚਲ ਰਹੀ ਹੜਤਾਲ ਕਾਰਨ ਰੋਜ਼ਾਨਾ ਪੌਣੇ ਚਾਰ ਸੌ ਕਰੋੜ ਦਾ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ.................
ਚੰਡੀਗੜ੍ਹ/ਮੋਹਾਲੀ : ਦੇਸ਼ ਭਰ ਵਿਚ ਟਰੱਕਾਂ ਦੀ ਚਲ ਰਹੀ ਹੜਤਾਲ ਕਾਰਨ ਰੋਜ਼ਾਨਾ ਪੌਣੇ ਚਾਰ ਸੌ ਕਰੋੜ ਦਾ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ। ਇਕੱਲਾ ਪੰਜਾਬ ਹੀ ਰੋਜ਼ਾਨਾ 25 ਕਰੋੜ ਦਾ ਹਰਜਾਨਾ ਭੁਗਤਣ ਲੱਗਾ ਹੈ। ਭਾਰਤ ਵਿਚ ਟਰੱਕਾਂ ਦੀ ਗਿਣਤੀ 92 ਲੱਖ ਹੈ ਅਤੇ ਇਨ੍ਹਾਂ ਵਿਚ 80 ਹਜ਼ਾਰ ਪੰਜਾਬ ਦੇ ਟਰੱਕ ਵੀ ਸ਼ਾਮਲ ਹਨ। ਕੇਂਦਰ ਵਿੱਤ ਮੰਤਰ ਅਰੁਣ ਜੇਤਲੀ ਅਤੇ ਟਰੱਕ ਮਾਲਕਾਂ ਦੀ ਮੁਲਾਕਾਤ ਬੇਸਿੱਟਾ ਰਹਿਣ ਕਾਰਨ ਨੇੜੇ ਭਵਿੱਖ ਵਿਚ ਹੜਤਾਲ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ। ਟਰੱਕਾਂ ਦੀ ਹੜਤਾਲ ਕਾਰਨ ਪੌਣੇ ਤਿੰਨ ਸੌ ਕਰੋੜ ਡਰਾਈਵਰ ਅਤੇ ਕੰਡਕਟਰ ਵਿਹਲੇ ਹੋ ਕੇ ਰਹਿ ਗਏ ਹਨ। ਦੇਸ਼ ਦੀ ਸਨਅਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ
ਰਹਿ ਗਈ ਹੈ ਅਤੇ ਫਲਾਂ ਤੇ ਸਬਜ਼ੀਆਂ ਸਮੇਤ ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ। ਇਕ ਵਖਰੀ ਜਾਣਕਾਰੀ ਅਨੁਸਾਰ ਟਰੱਕਾਂ ਦੀ ਹੜਤਾਲ ਕਾਰਨ ਰੋਜ਼ਾਨਾ ਛਪਣ ਵਾਲੀਆ ਅਖ਼ਬਾਰਾਂ ਲਈ ਕਾਗ਼ਜ਼ ਦਾ ਵੱਡਾ ਸੰਕਟ ਖੜਾ ਹੋ ਗਿਆ ਹੈ। ਛੋਟੀਆਂ ਅਤੇ ਦਰਮਿਆਨੀਆਂ ਅਖ਼ਬਾਰਾਂ ਇਸ ਦੀ ਮਾਰ ਵਧੇਰੇ ਝੱਲਣ ਲਈ ਮਜਬੂਰ ਹਨ। ਟਰੱਕ ਆਪਰੇਟਰਾਂ ਦੀ ਹੜਤਾਲ ਨਾਲ ਵਾਹਨ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਇਸ ਨਾਲ ਕਲਪੁਰਜ਼ਿਆਂ ਦੀ ਸਪਲਾਈ ਅਤੇ ਵਾਹਨਾਂ ਦੀ ਵੰਡ 'ਤੇ ਅਸਰ ਪਿਆ ਹੈ। ਹੜਤਾਲ ਕਾਰਨ ਟਾਟਾ ਮੋਟਰਜ਼, ਫ਼ੋਰਡ ਇੰਡੀਆ ਅਤੇ ਸਕੋਡਾ ਵਰਗੀਆਂ ਕੰਪਨੀਆਂ ਨੂੰ ਅਪਣਾ
ਉਤਪਾਦਨ ਘਟਾਉਣਾ ਪਿਆ ਹੈ। ਉਦਯੋਗ ਸੂਤਰਾਂ ਦਾ ਕਹਿਣਾ ਹੈ ਕਿ ਟਾਟਾ ਮੋਟਰਜ਼ ਨੇ ਪੁਣੇ ਅਤੇ ਸਾਣੰਦ ਕਾਰਖ਼ਾਨਿਆਂ ਵਿਚ ਮੁਰੰਮਤ ਲਈ ਪਹਿਲਾਂ ਤੋਂ ਤੈਅ ਬੰਦੀ ਕਰ ਦਿਤੀ ਹੈ। ਇਸ ਲਈ ਹਫ਼ਤੇ ਦੀਆ ਛੁੱਟੀਆਂ ਪਹਿਲਾਂ ਕਰ ਦਿਤੀਆਂ ਗਈਆਂ ਹਨ। ਇਨ੍ਹਾਂ ਦੀ ਭਰਪਾਈ ਅੱਗੇ ਕਰ ਦਿਤੀ ਜਾਵੇਗੀ। ਸੂਤਰਾਂ ਨੇ ਦਸਿਆ, 'ਪਰਚੂਨ ਕਾਰੋਬਾਰ ਵੀ ਪ੍ਰਭਾਵਤ ਹੋਇਆ ਹੈ। ਡੀਲਰਾਂ ਤਕ ਤਿਆਰ ਵਾਹਨਾਂ ਦੀ ਸਪਲਾਈ 'ਤੇ ਅਸਰ ਪਿਆ ਹੈ। ਟਾਟਾ ਮੋਟਰਜ਼ ਦੇ ਬੁਲਾਰੇ ਨੇ ਆਗਾਮੀ ਤਿਮਾਹੀ ਨਤੀਜਿਆਂ ਤੋਂ ਪਹਿਲਾਂ 'ਕੁੱਝ ਨਾ ਬੋਲਣ ਦੇ ਸਮੇਂ' ਦਾ ਹਵਾਲਾ ਦਿੰਦਿਆਂ ਟਿਪਣੀ ਤੋਂ ਇਨਕਾਰ ਕਰ ਦਿਤਾ। ਫ਼ੋਰਡ ਇੰਡੀਆ ਦੇ ਨਿਰਦੇਸ਼ਕ ਅਤੇ ਪ੍ਰਬੰਧ ਨਿਰਦੇਸ਼ਕ
ਅਨੁਰਾਗ ਮੇਹਰੋਤਰਾ ਨੇ ਕਿਹਾ ਕਿ ਟਰੱਕ ਆਪਰੇਟਰਾਂ ਦੀ ਹੜਤਾਲ ਨਾਲ ਕਲਪੁਰਜ਼ਿਆਂ ਅਤੇ ਵਾਹਨਾਂ ਦੀ ਸਪਲਾਈ ਪ੍ਰਭਾਵਤ ਹੋ ਰਹੀ ਹੈ। ਲਗਦਾ ਹੈ ਕਿ ਇਸ ਨਾਲ ਨਿਰਯਾਤ 'ਤੇ ਵੀ ਅਸਰ ਪਵੇਗਾ ਕਿਉਂਕਿ ਕੰਟੇਨਰ ਐਸੋਸੀਏਸ਼ਨ ਵੀ ਛੇਤੀ ਹੜਤਾਲ ਵਿਚ ਸ਼ਾਮਲ ਹੋ ਸਕਦਾ ਹੈ। ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਹੈ ਕਿ ਮੰਗਾਂ ਮੰਨੇ ਜਾਣ ਤਕ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰਹੇਗੀ। ਮੋਹਾਲੀ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਨੇ ਕੇਂਦਰ ਸਰਕਾਰ ਉੱਤੇ ਗ਼ਰੀਬਾਂ ਦਾ ਗਲਾ ਘੁੱਟਣ ਦਾ ਦੋਸ਼ ਲਾਇਆ ਹੈ।