
ਸਾਈਬਰ ਕਰਾਈਮ ਸੈੱਲ ਦੀ ਚਿਤਾਵਨੀ
ਚੰਡੀਗੜ੍ਹ, 25 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਦੇ ਡੀਆਈਟੀਏਸੀ ਨੇ ਨਾਗਰਿਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਮੈਸੇਜ਼ਿੰਗ ਸੇਵਾਵਾਂ ਜਿਵੇਂ ਕਿ ਐਸਐਮਐਸ ਜਾਂ ਵਟਸਐਪ ਰਾਹੀਂ ਫੈਲਾਏ ਜਾ ਰਹੇ ਯੂਆਰਐਲ (”RL) ਸੁਨੇਹਿਆਂ, ਜਿਸ ਵਿਚ ਸਰਕਾਰ ਵਲੋਂ ਹਰੇਕ ਨਾਗਰਿਕ ਨੂੰ 2000 ਰੁਪਏ ਦਾ ਮੁਫ਼ਤ ਕੋਵਿਡ ਰਾਹਤ ਪੈਕੇਜ ਦਿਤੇ ਜਾਣ ਸਬੰਧੀ ਦਰਸਾਇਆ ਜਾਂਦਾ ਹੈ, 'ਤੇ ਕਲਿੱਕ ਕਰ ਕੇ ਉਸ ਲਿੰਕ ਨੂੰ ਨਾ ਖੋਲਣ।
ਇਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਧੋਖਾਧੜੀ ਵਾਲੇ ਵਾਲੇ ਸੁਨੇਹੇ ਨੂੰ ਖੋਲ੍ਹਣ ਨਾਲ ਤੁਹਾਡੇ ਡਿਵਾਈਸ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿਚ ਜਾ ਸਕਦਾ ਹੈ
ਜਿਸ ਨਾਲ ਉਹ ਤੁਹਾਡੇ ਡਾਟਾ ਅਤੇ ਪੈਸਿਆਂ ਨਾਲ ਸਬੰਧਤ ਜਾਣਕਾਰੀ ਤਕ ਪਹੁੰਚ ਕਰ ਕੇ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਵਿਚ ਇਹ ਸੰਦੇਸ਼ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਕਿ “ਸਰਕਾਰ ਨੇ ਆਖਰਕਾਰ ਮਨਜ਼ੂਰੀ ਦੇ ਕੇ ਹਰੇਕ ਨਾਗਰਿਕ ਨੂੰ 2 ਹਜ਼ਾਰ ਰੁਪਏ ਦੇ ਮੁਫ਼ਤ ਕੋਵਿਡ ਰਾਹਤ ਫੰਡ ਦੇਣੇ ਸ਼ੁਰੂ ਕਰ ਦਿਤੇ ਹਨ। ਹੇਠਾਂ ਦਿਤਾ ਹੈ ਕਿ ਕਿਵੇਂ ਇਸ ਰਾਸ਼ੀ ਨੂੰ ਕਲੇਮ ਕਰਨਾ ਹੈ ਅਤੇ ਅਪਣੇ ਕਿਵੇਂ ਤੁਰਤ ਅਪਣੇ ਖਾਤੇ ਵਿਚ ਪ੍ਰਾਪਤ ਕਰਨਾ ਹੈ ਜਿਵੇਂ ਕਿ ਮੈਂ ਹੁਣੇ ਇਸ ਲਿੰਕ ਤੋਂ ਕੀਤਾ ਹੈ https://covid19-relieffund.com/ ਤੁਸੀਂ ਸਿਰਫ ਇਕ ਵਾਰ ਕਲੇਮ ਕਰ ਕੇ ਰਾਸ਼ੀ ਅਪਣੇ ਖਾਤੇ ਵਿਚ ਪ੍ਰਾਪਤ ਕਰ ਸਕਦੇ ਹੋ ਅਤੇ ਇਹ ਸੀਮਿਤ ਹੈ ਇਸ ਲਈ ਅਪਣੀ ਰਾਸ਼ੀ ਤੁਰਤ ਪ੍ਰਾਪਤ ਕਰੋ।''
ਉਨ੍ਹਾਂ ਦਸਿਆ ਕਿ ਇਕ ਵਾਰ ਜਦੋਂ ਕੋਈ ਵੀ ਯੂਆਰਐਲ (”RL) ਉਤੇ ਕਲਿੱਕ ਕਰਨ ਤੋਂ ਬਾਅਦ ਪੇਜ ਖੋਲ੍ਹਦਾ ਹੈ, ਤਾਂ ਇਹ ਵਧਾਈ ਸੰਦੇਸ਼ ਨੂੰ ਦਰਸਾਉਂਦਾ ਹੈ। “ਅਪਣੇ ਬੈਂਕ ਖਾਤੇ ਵਿਚ ਤੁਰਤ 7,000 ਰੁਪਏ ਮੁਫ਼ਤ ਪ੍ਰਾਪਤ ਕਰੋ। ਮੁਫ਼ਤ ਲਾਕਡਾਊਨ ਰਾਹਤ ਫ਼ੰਡਾਂ ਦਾ ਲਾਭ ਲੈਣ ਲਈ ਕਿਰਪਾ ਕਰ ਕੇ ਸਰਵੇ ਨੂੰ ਪੂਰਾ ਕਰੋ”
ਵਧਾਈ ਸੰਦੇਸ਼ ਦੇ ਨਾਲ ਇਕ ਪ੍ਰਸ਼ਨ ਪੁਛਿਆ ਜਾਂਦਾ ਹੈ ਕਿ ਕੀ ਤੁਸੀਂ ਇਕ ਭਾਰਤੀ ਨਾਗਰਿਕ ਹੋ? ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਬਾਅਦ, ਇਹ ਵੇਖਿਆ ਗਿਆ ਹੈ ਕਿ ਇਸ ਲਿੰਕ ਵਿਚ ਅਸਲ ਵਿਚ ਇਕ ਪ੍ਰਸ਼ਨਾਵਲੀ ਹੁੰਦੀ ਹੈ ਜਿਸ ਵਿਚ ਤੁਹਾਡੇ ਤੋਂ ਕਈ ਹੋਰ ਵੇਰਵਿਆਂ ਬਾਰੇ ਪੁਛਿਆ ਜਾਂਦਾ ਹੈ ਜਿਵੇਂ ਕਿ ''ਉਨ੍ਹਾਂ ਦੇ ਲਾਗਇਨ ਦੌਰਾਨ ਤੁਸੀਂ ਕਿੰਨਾ ਸਮਾਂ ਬਣੇ ਰਹਿ ਸਕਦੇ ਹੋ? ਤੁਸੀਂ ਮੁਫ਼ਤ 7,000 ਰੁਪਏ ਦੀ ਵਰਤੋਂ ਕਿਸ ਲਈ ਕਰੋਗੇ?
File Photo
ਉਸ ਤੋਂ ਬਾਅਦ ਤੁਹਾਨੂੰ 7,000 ਰੁਪਏ ਮਿਲਣ ਸਬੰਧੀ ਇਕ ਵਧਾਈ ਸੰਦੇਸ਼ ਮਿਲੇਗਾ। ਤੁਸੀਂ ਇਸ ਸੰਦੇਸ਼ ਨੂੰ ਦੂਜੇ ਗਰੁੱਪਾਂ ਅਤੇ ਸੰਪਰਕਾਂ ਨਾਲ ਸਾਂਝਾ ਕਰਨ ਲਈ ਇਕ ਲਿੰਕ ਪ੍ਰਾਪਤ ਕਰੋਗੇ। ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੱਕੀ ਯੂ.ਆਰ.ਐਲ ਲਿੰਕਾਂ ਉਤੇ ਕਲਿੱਕ ਨਾ ਕਰਨ। “ਜੇ ਕਿਸੇ ਸਾਹਮਣੇ ਅਜਿਹਾ ਕੋਈ ਸੰਦੇਸ਼ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਆਉਂਦਾ ਹੈ ਤਾਂ ਇਸ ਨੂੰ ਹੋਰਨਾਂ ਨੂੰ ਅੱਗੇ ਨਾ ਭੇਜੋ ਬਲਕਿ ਇਸ ਨੂੰ ਤੁਰਤ ਡਿਲੀਟ ਕਰ ਦਿਉ।
ਉਨ੍ਹਾਂ ਚੇਤਾਵਨੀ ਦਿਤੀ ਕਿ ਅਜਿਹੇ ਲਿੰਕਾਂ 'ਤੇ ਕਲਿੱਕ ਕਰਨਾ ਵਧੇਰੇ ਜੋਖਮ ਪੈਦਾ ਕਰਦਾ ਹੈ ਕਿਉਂਕਿ ਇਹ ਮਾਲਵੇਅਰ ਹੋ ਸਕਦਾ ਹੈ ਜੋ ਤੁਹਾਨੂੰ ਹੋਰਨਾਂ ਧੋਖਾਧੜੀ ਵਾਲੀਆਂ ਸਾਈਟਾਂ 'ਤੇ ਭੇਜ ਸਕਦਾ ਹੈ ਜਿਸ ਨਾਲ ਉਪਭੋਗਤਾ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ।” ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸੁਨੇਹਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੇ ਬਿਨਾਂ ਕਿਸੇ ਖਬਰ ਜਾਂ ਲਿੰਕ ਨੂੰ ਅੱਗੇ ਨਾ ਭੇਜਣ ਅਤੇ ਇਹ ਤਸਦੀਕ ਕਰਨ ਕਿ ਉੱਚਿਤ ਵੈਬਸਾਈਟ ਉਤੇ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਕੀਤੀ ਗਈ ਹੈ ਜਾਂ ਨਹੀਂ।
ਉਨ੍ਹਾਂ ਕਿਹਾ “ਇਸ ਸਬੰਧ ਵਿਚ ਕੋਈ ਵੀ ਜਾਣਕਾਰੀ ਜਾਂ ਕਿਸੇ ਹੋਰ ਸਾਈਬਰ ਅਪਰਾਧ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਟੇਟ ਸਾਈਬਰ ਕਰਾਈਮ ਇਨਵੈਸਟੀਗੇਸ਼ਨ ਸੈਂਟਰ ਨੂੰ ਈਮੇਲ ਆਈਡੀ ssp.cyber-pb0nic.in 'ਤੇ ਭੇਜੀ ਜਾ ਸਕਦੀ ਹੈ ਤਾਂ ਜੋ ਵਿਭਾਗ ਵਲੋਂ ਅਜਿਹੀਆਂ ਧੋਖਾਧੜੀ ਵਾਲੀਆਂ ਕਾਰਵਾਈਆਂ ਵਿਚ ਸ਼ਾਮਲ ਅਪਰਾਧੀਆਂ ਵਿਰੁਧ ਢੁੱਕਵੀਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।