
ਨਾ ਰੱਖੀ ਸਮਾਜਕ ਦੂਰੀ, ਨਾ ਹੀ ਪਾਇਆ ਮਾਸਕ
ਬਠਿੰਡਾ, (ਸੁਖਜਿੰਦਰ ਮਾਨ) : ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਜਿਥੇ ਹਰ ਦਿਨ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ, ਉਥੇ ਇਸ ਬੀਮਾਰੀ ਤੋਂ ਬਚਣ ਲਈ ਲਾਗੂ ਕੀਤੇ ਸਮਾਜਕ ਦੂਰੀ ਦੇ ਨਿਯਮਾਂ ਨੂੰ ਬਠਿੰਡਾ ਦੇ ਅਕਾਲੀ ਟਿੱਚ ਜਾਣ ਰਹੇ ਹਨ। ਇਸ ਦੀ ਉਦਾਹਰਣ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ਦੇ ਅਕਾਲੀਆਂ ਵਲੋਂ ਕੇਕ ਕੱਟਣ ਦੀ ਰਸਮ ਮੌਕੇ ਸਾਹਮਣੇ ਆਈ।
File Photo
ਫ਼ੋਟੋ ਖਿਚਵਾਉਣ ਲਈ ਇਕ ਦੂਜੇ ਤੋਂ ਅੱਗੇ ਹੋ ਕੇ ਸਿਰ ਕੱਢ ਰਹੇ ਇਨ੍ਹਾਂ ਅਕਾਲੀਆਂ ਨੂੰ ਇਸ ਮਹਾਂਮਾਰੀ ਦਾ ਰੱਤੀ ਭਰ ਵੀ ਭੈਅ ਨਹੀਂ ਆਇਆ। ਵੱਡੀ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਇਸ ਮੌਕੇ ਇਕ-ਦੋ ਆਗੂਆਂ ਨੂੰ ਛੱਡ ਕਿਸੇ ਨੇ ਵੀ ਮੂੰਹ 'ਤੇ ਮਾਸਕ ਨਹੀਂ ਪਾਇਆ ਸੀ। ਇਸ ਤੋਂ ਇਲਾਵਾ ਕੇਕ ਕੱਟਣ ਦੀ ਰਸਮ ਮੌਕੇ ਉਨ੍ਹਾਂ ਅਕਾਲੀ ਆਗੂਆਂ ਤੋਂ ਖ਼ੁਸ਼ੀ ਵੀ ਸੰਭਾਲੀ ਨਹੀਂ ਜਾ ਰਹੀ ਸੀ,
File Photo
ਜਿਹੜੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਤਕੜੀ ਤੋਂ ਉਤਰ ਕੇ ਕਾਂਗਰਸ ਦੇ ਪਾਲੇ ਵਿਚ ਗੇੜਾ ਕੱਢ ਕੇ ਵਾਪਸ ਮੁੜੇ ਸਨ। ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੇ ਚਮਕੌਰ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਕੇਕ ਕੱਟਣ ਸਮੇਂ ਮੂੰਹ 'ਤੇ ਮਾਸਕ ਲਏ ਹੋਏ ਸਨ ਪ੍ਰੰਤੂ ਫ਼ੋਟੋਆਂ ਖਿਚਵਾਉਣ ਸਮੇਂ ਮੂੰਹ ਤੋਂ ਉਤਾਰ ਲਏ ਸਨ ਤਾਕਿ ਸਾਰਿਆਂ ਦੇ ਚਿਹਰੇ ਨਜ਼ਰ ਆ ਸਕਣ। ਇਸ ਤੋਂ ਇਲਾਵਾ ਕਮਰੇ ਦੇ ਹੈਂਡਲ ਸੈਨੇਟਾਈਜ਼ਰ ਵੀ ਕੀਤੇ ਗਏ ਸਨ।
File Photo
ਅਕਾਲੀਆਂ ਵਿਰੁਧ ਦਰਜ ਹੋਵੇ ਪਰਚਾ : ਅਗਰਵਾਲ
ਬਠਿੰਡਾ : ਉਧਰ ਇਸ 'ਤੇ ਟਿਪਣੀ ਕਰਦਿਆਂ ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਅੰਮ੍ਰਿਤ ਲਾਲ ਅਗਰਵਾਲ ਨੇ ਸਿਟੀ ਪੁਲਿਸ ਨੂੰ ਤੁਰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੀਡਰ ਦੇ ਜਨਮ ਦਿਨ ਦੀ ਖ਼ੁਸ਼ੀ ਮਨਾਉਣ 'ਤੇ ਕੋਈ ਪਾਬੰਦੀ ਨਹੀਂ, ਪ੍ਰੰਤੂ ਅਕਾਲੀਆਂ ਨੂੰ ਇਸ ਮੌਕੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਕੇ ਅਤੇ ਮੂੰਹ 'ਤੇ ਮਾਸਕ ਲੈ ਕੇ ਦੂਜਿਆਂ ਲਈ ਉਦਾਹਰਨ ਪੇਸ਼ ਕਰਨੀ ਚਾਹੀਦੀ ਸੀ ਪ੍ਰੰਤੂ ਉਹ ਖ਼ੁਦ ਹੀ ਨਿਯਮ ਤੋੜਦੇ ਨਜ਼ਰ ਆਏ।