
ਭਾਕਿਯੂ (ਏਕਤਾ ਉਗਰਾਹਾਂ) ਨੇ ਸੰਯੁਕਤ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਵੱਡੇ ਕਾਫ਼ਲੇ ਟਿਕਰੀ ਭੇਜੇ
ਪੇਂਡੂ ਖੇਤ ਮਜ਼ਦੂਰਾਂ ਸਮੇਤ ਸਾਰੇ ਸੰਘਰਸ਼ਸ਼ੀਲ ਤਬਕਿਆਂ ਦੀ ਸੰਕੇਤਕ ਹਮਾਇਤ ਦਾ ਐਲਾਨ
ਚੰਡੀਗੜ੍ਹ, 25 ਜੁਲਾਈ (ਭੁੱਲਰ): ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸੰਯੁਕਤ ਕਿਸਾਨ ਮੋਰਚੇ ਦੁਆਰਾ 8 ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਚਲ ਰਹੇ ਮੋਰਚੇ ਅਤੇ 22 ਜੁਲਾਈ ਤੋਂ ਜੰਤਰ ਮੰਤਰ ਵਿਖੇ ਚਲ ਰਹੀ ਕਿਸਾਨ ਸੰਸਦ ਦੀ ਮਜ਼ਬੂਤੀ ਲਈ ਭਾਕਿਯੂ ਏਕਤਾ ਉਗਰਾਹਾਂ ਵਲੋਂ ਹੋਰ ਵੱਡੇ ਕਾਫ਼ਲੇ ਦਿੱਲੀ ਭੇਜਣ ਤੋਂ ਇਲਾਵਾ ਪੰਜਾਬ ਸਰਕਾਰ ਵਿਰੁਧ ਲਗਾਤਾਰ ਸੰਘਰਸ਼ਸ਼ੀਲ ਸਮੂਹ ਪੇਂਡੂ/ਖੇਤ ਮਜ਼ਦੂਰਾਂ, ਕੱਚੇ ਅਧਿਆਪਕਾਂ, ਆਂਗਣਵਾੜੀ ਤੇ ਆਸ਼ਾ ਵਰਕਰਾਂ, ਵਿਦਿਆਰਥੀਆਂ, ਠੇਕਾ ਕਾਮਿਆਂ, ਮੁਲਾਜ਼ਮਾਂ ਸਮੇਤ ਹਰ ਤਬਕੇ ਦੇ ਭਖੇ ਹੋਏ ਹੱਕੀ ਘੋਲਾਂ ਦੀ ਸੰਕੇਤਕ ਹਮਾਇਤ ਵੀ ਕੀਤੀ ਜਾ ਰਹੀ ਹੈ।
ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਅੱਜ ਇਥੇ ਸਾਂਝਾ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਪਟਿਆਲਾ, ਮੋਹਾਲੀ, ਬਠਿੰਡਾ, ਸੰਗਰੂਰ ਵਿਖੇ ਵੱਖ-ਵੱਖ ਸੰਘਰਸ਼ਸ਼ੀਲ ਤਬਕਿਆਂ ਦੇ ਸ਼ਾਂਤਮਈ ਇਕੱਠਾਂ ਉਤੇ ਵਹਿਸ਼ੀਆਨਾ ਲਾਠੀਚਾਰਜ ਅਤੇ ਔਰਤਾਂ ਨਾਲ ਅਣਮਨੁੱਖੀ ਵਿਹਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸੱਤਾ ਪ੍ਰਾਪਤੀ ਮੌਕੇ ਕੀਤੇ ਗਏ ਚੋਣ ਵਾਅਦੇ ਅਪਣੀ ਇਖ਼ਲਾਕੀ ਜ਼ਿੰਮੇਵਾਰੀ ਵਜੋਂ ਖ਼ੁਦ ਲਾਗੂ ਕਰਨ ਦੀ ਬਜਾਏ ਉਲਟਾ ਇਨ੍ਹਾਂ ਵਾਅਦਿਆਂ ਨੂੰ ਲਾਗੂ ਕਰਵਾਉਣ ਖ਼ਾਤਰ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਦੀ ਹੱਕੀ ਆਵਾਜ਼ ਨੂੰ ਵੀ ਕੁਚਲਣ ਲਈ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ 3 ਅਤੇ 4 ਅਗੱਸਤ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਆਮ ਹੜਤਾਲ ਰਾਹੀਂ ਦਫ਼ਤਰੀ/ਖੇਤਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਨ ਦੇ ਸੱਦੇ ਦਾ ਜਥੇਬੰਦੀ ਵਲੋਂ ਡਟਵਾਂ ਸਮਰਥਨ ਕੀਤਾ ਗਿਆ ਹੈ।
ਇਸੇ ਤਰ੍ਹਾਂ 27,28,29 ਜੁਲਾਈ ਨੂੰ 7 ਮਜ਼ਦੂਰ ਜਥੇਬੰਦੀਆਂ ਵਲੋਂ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਭਖਦੇ ਮਜ਼ਦੂਰ ਮਸਲਿਆਂ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਨੂੰ ਦਿਤੇ ਜਾ ਰਹੇ ਚਿਤਾਵਨੀ ਪੱਤਰਾਂ ਮੌਕੇ ਵੀ ਅਤੇ 9,10,11 ਅਗੱਸਤ ਨੂੰ ਪਟਿਆਲਾ ਵਿਖੇ ਲਾਏ ਜਾ ਰਹੇ ਧਰਨੇ ਵਿਚ ਵੀ ਸੰਕੇਤਕ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।