
ਆਈਐਸ ਨਾਲ ਲੜਨ ਲਈ ਹੁਣ ਅਮਰੀਕੀ ਫ਼ੌਜੀਆਂ ਦੀ ਜ਼ਰੂਰਤ ਨਹੀਂ : ਇਰਾਕੀ ਪ੍ਰਧਾਨ ਮੰਤਰੀ
ਬਗ਼ਦਾਦ, 25 ਜੁਲਾਈ : ਇਰਾਕ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨਾਲ ਲੜਨ ਲਈ ਹੁਣ ਅਮਰੀਕੀ ਫ਼ੌਜੀਆਂ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਦੀ ਰਸਮੀ ਤਾਇਨਾਤੀ ਇਸ ਹਫ਼ਤੇ ਅਮਰੀਕੀ ਅਫ਼ਸਰਾਂ ਨਾਲ ਹੋਣ ਵਾਲੀ ਬੈਠਕ ਦੇ ਨਤੀਜਿਆਂ ’ਤੇ ਨਿਰਭਰ ਕਰੇਗੀ।
ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਾਧਿਮੀ ਨੇ ਐਤਵਾਰ ਨੂੰ ਇਹ ਬਿਆਨ ਇਕ ਵਿਸ਼ੇਸ਼ ਇੰਟਰਵਿਊ ’ਚ ਆਪਣੇ ਅਮਰੀਕੀ ਦੌਰ ਤੋਂ ਇਕ ਦਿਨ ਪਹਿਲਾਂ ਦਿਤਾ ਹੈ। ਕਾਧਿਮੀ ਸੋਮਵਾਰ ਨੂੰ ਵਾਸ਼ਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਡਿਨ ਨਾਲ ਚੌਥੇ ਦੌਰ ਦੀ ਰਣਨੀਤਿਕ ਵਾਰਤਾ ਕਰਨਗੇ। ਅਲ-ਕਾਧਿਮੀ ਨੇ ਕਿਹਾ ਕਿ ਇਰਾਕੀ ਜ਼ਮੀਨ ’ਤੇ ਕਿਸੇ ਵਿਦੇਸ਼ੀ ਜੰਗੀ ਫ਼ੌਜ ਦੀ ਜ਼ਰੂਰਤ ਨਹੀਂ ਹੈ। ਇਰਾਕੀ ਫ਼ੌਜ ਅਮਰੀਕੀ ਅਗਵਾਈ ਵਾਲੀ ਗਠਜੋੜ ਦੀ ਫ਼ੌਜ ਤੋਂ ਬਿਨਾਂ ਹੀ ਅਪਣੇ ਦੇਸ਼ ਦੀ ਰੱਖਿਆ ਕਰਨ ’ਚ ਸਮਰਥ ਹੈ। ਹਾਲਾਂਕਿ ਉਹ ਇਰਾਕ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਦੀ ਸਮਾਂ ਹੱਦ ਨਹੀਂ ਦੱਸ ਸਕੇ ਪਰ ਉਨ੍ਹਾਂ ਕਿਹਾ ਕਿ ਅਮਰੀਕੀ ਫ਼ੌਜੀਆਂ ਦੀ ਵਾਪਸੀ ਇਰਾਕੀ ਫ਼ੌਜੀਆਂ ਦੀ ਜ਼ਰੂਰਤ ਦੇ ਹਿਸਾਬ ਨਾਲ ਤੈਅ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਰਾਕ ਅਮਰੀਕੀ ਟ੍ਰੇਨਿੰਗ ਤੇ ਫ਼ੌਜ ਦੇ ਖ਼ੁਫ਼ੀਆ ਜਮਾਵੜੇ ਦੇ ਬਾਰੇ ਵੀ ਜ਼ਰੂਰ ਪੱਛੇਗਾ। ਆਈਐਸ ਵਿਰੁਧ ਲੜਾਈ ’ਚ ਸਾਡੇ ਫ਼ੌਜੀਆਂ ਦੀ ਵਿਸ਼ੇਸ਼ ਸਮਾਂ ਸਾਰਣੀ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਇਹ ਵਾਸ਼ਿੰਗਟਨ ’ਚ ਹੋਣ ਵਾਲੇ ਸਮਝੌਤੇ ’ਤੇ ਨਿਰਭਰ ਕਰੇਗਾ। (ਏਜੰਸੀ)