
ਨਹਿਰ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ, ਲੜਕੀ ਦੀ ਭਾਲ ਜਾਰੀ
ਸਾਦਿਕ, 25 ਜੁਲਾਈ (ਗੁਰਵਿੰਦਰ ਔਲਖ) ਬੀਤੇ ਦਿਨ ਪਿੰਡ ਪਿੰਡੀ ਬਲੋਚਾਂ ਕੋਲੋ ਲੰਘਦੀ ਗੰਗ ਕੈਨਾਲ ਨਹਿਰ ਦੇ ਪੁਲ ਤੋਂ ਕੁਝ ਦੂਰੀ ਤੇ ਜਾ ਕੇ ਨੌਜਵਾਨ ਲੜਕੇ ਮਨਪ੍ਰੀਤ ਸਿੰਘ ਮਨੀ ਪੁੱਤਰ ਬਲਜੀਤ ਸਿੰਘ ਵਾਸੀ ਸੰਗਾਤਪੁਰਾ ‘ਤੇ ਲੜਕੀ ਮਨਦੀਪ ਕੌਰ ਪੁੱਤਰੀ ਗੁਰਮੇਲ ਸਿੰਘ ਉਰਫ ਨਿੱਕਾ ਵਾਸੀ ਸਾਦਿਕ ਨੇ ਛਲਾਂਗ ਮਾਰ ਦਿੱਤੀ ਸੀ। ਦੋਨਾਂ ਦੀ ਭਾਲ ਕੱਲ ਤੋਂ ਜਾਰੀ ਸੀ । ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਕੱਤਰ ਜਾਣਕਾਰੀ ਅਨੁਸਾਰ ਤਕਰੀਬਨ 27 ਘੰਟੇ ਬੀਤ ਜਾਣ ਤੋਂ ਬਾਅਦ ਲਾਸ਼ ਲੱਗਭਗ ਲੋਪੋ ਗਹਿਰੀ ਦੇ ਨਜ਼ਦੀਕ ਪਾਣੀ ਵਿੱਚ ਤੈਰਦੀ ਦਿਖਾਈ ਦਿੱਤੀ।ਜਿਸ ਨੂੰ ਗੋਤਾਖੋਰਾਂ ਦੀ ਮੱਦਦ ਨਾਲ ਬਾਹਰ ਕੱਢ ਲਿਆ ਗਿਆ। ਮਿਤ੍ਰਕ ਮਨਪ੍ਰੀਤ ਸਿੰਘ ਦੀ ਲਾਸ਼ ਦੀ ਸਨਾਖ਼ਤ ਮਿਤ੍ਰਕ ਦੇ ਪਿਤਾ ਬਲਜੀਤ ਸਿੰਘ,ਗੁਰਮੀਤ ਸਿੰਘ ਚੌਂਕੀਦਾਰ ਸੰਗਾਤਪੁਰਾ ‘ਤੇ ਪਿੰਡ ਵਾਸੀਆ ਦੀ ਹਾਜਰੀ ਵਿੱਚ ਪਹਿਚਾਣ ਕਰ ਲਈ ਗਈ । ਇਸ ਮੌਕੇ ਏ. ਐੱਸ .ਆਈ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਥਾਨਾ ਸਾਦਿਕ ਨੇ ਲਾਸ਼ ਕਬਜ਼ੇ ਵਿੱਚ ਲੈਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਮੋਰਚਰੀ ਵਿੱਚ ਰੱਖ ਦਿੱਤਾ । ਲੜਕੀ ਦੀ ਭਾਲ ਜਾਰੀ ਹੈ। ਉਨਾਂ ਕਿਹਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।