ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ - ਹਰਿੰਦਰ ਸਿੰਘ ਲੱਖੋਵਾਲ
ਜਲੰਧਰ : ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਜਲੰਧਰ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਕਿਸਾਨਾਂ ਨੇ ਕੇਂਦਰ ਅਤੇ ਸਰਕਾਰਾਂ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ’ਤੇ ਨਾਰਾਜ਼ਗੀ ਪ੍ਰਗਟਾਈ। ਜਿਸ ਕਾਰਨ ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ 31 ਜੁਲਾਈ ਨੂੰ ਦੇਸ਼ ਭਰ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਲੱਖੋਵਾਲ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੇਸ਼ ਭਰ ਵਿਚ ਆਵਾਜਾਈ ਠੱਪ ਕੀਤੀ ਜਾਵੇਗੀ ਪਰ ਪੰਜਾਬ ਵਿਚ ਸਿਰਫ਼ ਰੇਲਗੱਡੀਆਂ ਹੀ ਰੋਕੀਆਂ ਜਾਣਗੀਆਂ। ਇਹ ਫ਼ੈਸਲਾ ਸਖ਼ਤ ਗਰਮੀ ਅਤੇ ਲੋਕਾਂ ਨੂੰ ਆਉਣ ਵਾਲਿਆਂ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਐਤਵਾਰ ਪੰਜਾਬ ਵਿਚ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਰੇਲਗੱਡੀਆਂ ਰੋਕੀਆਂ ਜਾਣਗੀਆਂ ਪਰ ਬਾਕੀ ਆਵਾਜਾਈ ਬਹਾਲ ਰਹੇਗੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਬਾਰੇ ਅਸੀਂ ਪਿਛਲੀਆਂ ਸਰਕਾਰਾਂ ਵੇਲੇ ਵੀ ਅਵਾਰਾ ਪਸ਼ੂਆਂ ਦੀ ਸੰਭਾਲ ਸਬੰਧੀ ਆਵਾਜ਼ ਚੁੱਕੀ ਸੀ ਅਤੇ ਕਈ ਪਸ਼ੂਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਮੰਤਰੀਆਂ ਦੇ ਘਰਾਂ ਵਿੱਚ ਛੱਡ ਦਿੱਤਾ ਸੀ ਪਰ ਇਸ ਦਾ ਕਦੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਜੇਕਰ ਇਹ ਸਰਕਾਰ ਜੇਕਰ ਫਿਰ ਵੀ ਅਸੀਂ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਫਿਰ ਤੋਂ ਆਵਾਰਾ ਪਸ਼ੂਆਂ ਨੂੰ ਸਰਕਾਰੀ ਦਫ਼ਤਰਾਂ ਅਤੇ ਮੰਤਰੀਆਂ ਦੇ ਘਰਾਂ ਵਿੱਚ ਛੱਡ ਦੇਵਾਂਗੇ।
ਜੇਕਰ ਸਰਕਾਰ ਅਵਾਰਾ ਪਸ਼ੂਆਂ ਨੂੰ ਨਹੀਂ ਸੰਭਾਲ ਸਕਦੀ ਤਾਂ ਸਾਨੂੰ ਪਸ਼ੂਆਂ ਦੀ ਦੇਖਭਾਲ ਲਈ ਪੈਸੇ ਦਿਓ, ਅਸੀਂ ਪਸ਼ੂਆਂ ਦੀ ਦੇਖਭਾਲ ਕਰਾਂਗੇ। ਇਸ ਤੋਂ ਇਲਾਵਾ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਲਖੀਮਪੁਰ ਖੇੜੀ ਮਾਮਲੇ ਨੂੰ ਧਿਆਨ ਵਿਚ ਰੱਖਦੇ ਹੋਏ 18, 19 ਅਤੇ 20 ਅਗਸਤ ਨੂੰ ਦੇਸ਼ ਦੇ ਲੱਖਾਂ ਕਿਸਾਨ ਲਾਖੀਮਪੁਰ ਖੇੜੀ ਪਹੁੰਚਣਗੇ ਅਤੇ ਉਥੇ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ 75 ਘੰਟੇ ਦਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਜਾਵੇਗਾ ਪਰ ਅਜੇ ਤੱਕ 115 ਦੇ ਕਰੀਬ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਅਤੇ ਨੌਕਰੀ ਨਹੀਂ ਮਿਲੀ ਹੈ। ਹੁਣ ਸਰਕਾਰ ਨੇ ਇਸ ਅਦਾਇਗੀ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ।