ਵਿਦਿਆਰਥੀਆਂ ਦੇ ਮਾਪਿਆਂ ਨੇ ਕਾਲਜ ਦੇ ਗੇਟ 'ਤੇ ਹੀ ਵਿਰੋਧ ਸ਼ੁਰੂ ਕਰ ਦਿੱਤਾ ਹੈ
ਬਠਿੰਡਾ: ਮਲੋਟ ਰੋਡ ਸਥਿਤ ਰਿਜਨਲ ਪਾਲੀਟੈਕਨਿਕ ਕਾਲਜ ਵਿਖੇ ਅੱਜ ਜੇਈ ਦੀ ਪ੍ਰੀਖਿਆ ਚੱਲ ਰਹੀ ਹੈ ਜਿੱਥੇ ਕਿ ਹੰਗਾਮਾ ਦੇਖਣ ਨੂੰ ਮਿਲਿਆ। ਦਰਅਸਲ ਜੇਈ ਦੇ ਪੇਪਰ ਦੇਣ ਆਏ ਵਿਦਿਆਰਥੀਆਂ ਦੇ ਕਾਲਜ ਦੇ ਗੇਟ ’ਤੇ ਹੀ ਕੜੇ ਲੁਹਾਏ ਗਏ। ਜਿਸ ਤੋਂ ਬਾਅਦ ਸਿੱਖਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ। ਵਿਦਿਆਰਥੀਆਂ ਦੇ ਮਾਪਿਆਂ ਨੇ ਕਾਲਜ ਦੇ ਗੇਟ 'ਤੇ ਹੀ ਵਿਰੋਧ ਸ਼ੁਰੂ ਕਰ ਦਿੱਤਾ ਹੈ ਤੇ ਜਿਸ ਅਧਿਕਾਰੀ ਨੇ ਵਿਦਿਆਰਥੀਆਂ ਦੇ ਕੜੇ ਲੁਹਾਏ ਹਨ ਉਹਨਾਂ ਤੋਂ ਮਾਪੇ ਸਵਾਲ ਕਰ ਰਹੇ ਹਨ ਪਰ ਉਹ ਨਜ਼ਰਅੰਦਾਜ਼ ਕਰਨ ਲੱਗਾ ਤੇ ਉਸ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।
ਇਸ ਘਟਨਾ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਸਖ਼ਤ ਵਿਰੋਧ ਕੀਤਾ। ਇਸ ਸਬੰਧੀ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਉਹ ਪੁੱਛਣ ਕਿ ਕਿਸ ਅਧਿਕਾਰ ਨਾਲ ਵਿਦਿਆਰਥੀਆਂ ਦੇ ਕੜੇ ਉਤਾਰਵਾਏ ਜਾ ਰਹੇ ਹਨ।