
ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ
ਕੈਨੇਡਾ: ਵਿਦੇਸ਼ਾਂ ਤੋਂ ਹਰ ਰੋਜ਼ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਚੇਰੀ ਸਿੱਖਿਆ ਲਈ ਬਰਨਾਲਾ ਤੋਂ ਕੈਨੇਡਾ ਗਏ 17 ਸਾਲਾ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਗਜੀਤ ਸਿੰਘ 10 ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ। ਉਸ ਦੇ ਮਾਪਿਆਂ ਨੇ 35 ਲੱਖ ਰੁਪਏ ਬੈਂਕ ਤੋਂ ਤੇ 11 ਲੱਖ ਰੁਪਏ ਆੜ੍ਹਤੀ ਕੋਲੋਂ ਲੈ ਕੇ ਵਿਦੇਸ਼ ਭੇਜਿਆ ਸੀ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦੀ ਭੈਣ 3 ਮਹੀਨਾ ਪਹਿਲਾਂ ਕੈਨੇਡਾ ਗਈ ਸੀ।
ਨੌਜੁਆਨ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸੰਧੂ ਕਲਾਂ ਦਾ ਰਹਿਣ ਵਾਲਾ ਸੀ। ਜਗਜੀਤ ਸਿੰਘ ਦੇ ਪਿਤਾ ਲਕਸ਼ਮਣ ਸਿੰਘ ਨੇ ਦਸਿਆ ਕਿ 10 ਦਿਨ ਪਹਿਲਾਂ ਹੀ 46 ਲੱਖ ਰੁਪਏ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਸੀ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕੈਨੇਡਾ ’ਚ ਉਸ ਦੀ ਮੌਤ ਉਸਦਾ ਇੰਤਜ਼ਾਰ ਕਰ ਰਹੀ ਹੈ।
ਪੀੜਤ ਪ੍ਰਵਾਰ ਨੇ ਦਸਿਆ ਕਿ 3 ਮਹੀਨੇ ਪਹਿਲਾ ਉਸ ਦੀ ਭੈਣ ਕੈਨੇਡਾ ਪੜ੍ਹਨ ਲਈ ਗਈ ਸੀ ਜਿਸ ਤੋਂ ਬਾਅਦ ਜਗਜੀਤ ਸਿੰਘ ਨੂੰ ਵੀ ਉਨ੍ਹਾਂ ਨੇ ਕੈਨੇਡਾ ਭੇਜ ਦਿਤਾ।
ਮ੍ਰਿਤਕ ਗਰੀਬ ਤੇ ਸਧਾਰਨ ਪ੍ਰਵਾਰ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਨੇ ਪੁੱਤਰ ਨੂੰ ਲੈ ਕੇ ਵੱਡੇ-ਵੱਡੇ ਸੁਫਨੇ ਸੰਜੋਏ ਸਨ ਜੋ ਪਲਾਂ ਵਿਚ ਢਹਿ-ਢੇਰੀ ਹੋ ਗਏ। ਜਗਜੀਤ ਸਿੰਘ ਦੇ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਜਗਜੀਤ ਸਿੰਘ ਦਾ ਸਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ।
ਪੀੜਤ ਪ੍ਰਵਾਰ ਤੇ ਪਿੰਡ ਵਾਸੀਆਂ ਨੇ ਇਸ ਦੁਖਦ ਦੀ ਘੜੀ ਵਿਚ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਂਦਿਆਂ ਮੰਗ ਕੀਤੀ ਕਿ ਪ੍ਰਵਾਰ ਸਿਰ ਚੜੇ ਕਰਜ਼ ਨੂੰ ਉਤਾਰਨ ਲਈ ਮਦਦ ਕੀਤੀ ਜਾਵੇ। ਤਾਂਕਿ ਪਿਛੇ ਰਹਿ ਰਿਹਾ ਪ੍ਰਵਾਰ ਅਪਣੀ ਜ਼ਿੰਦਗੀ ਬਿਨ੍ਹਾਂ ਕਿਸੇ ਬੋਝ ਤੋਂ ਜੀ ਸਕੇ।