
ਕਿਹਾ -ਦੇਸ਼ ਨੂੰ ਆਤਮ ਨਿਰਭਰ ਬਣਾਉਣ 'ਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਕਿਸਾਨਾਂ ਦਾ ਹੈ
Parliament Session : ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਸੰਸਦ ਮੈਂਬਰ ਮੀਤ ਹੇਅਰ ਨੇ ਬਜਟ ਵਿੱਚੋਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਉੱਤੇ ਨਰਾਜ਼ਗੀ ਜ਼ਾਹਰ ਕੀਤੀ ਹੈ। ਮੀਤ ਹੇਅਰ ਨੇ ਕਿਹਾ ਕਿ ਇਸ ਬਜਟ ਵਿੱਚ ਇਹ ਕਹਾਵਤ ਹੋਈ ਹੈ ਕਿ 2 ਦਾ ਵਿਕਾਸ ਬਾਕੀ ਸਾਰਿਆਂ ਦਾ ਸੱਤਿਆਨਾਸ।
ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ 'ਚ ਕਿਸੇ ਸਰਕਾਰ ਨੇ ਇਨ੍ਹਾਂ ਮਜਬੂਰੀ ਬਸ ਬਜਟ ਪੇਸ਼ ਨਹੀਂ ਕੀਤਾ ਹੈ। ਮੀਤ ਹੇਅਰ ਨੇ ਇਸ ਬਜਟ ਨੂੰ ਕੁਰਸੀ ਬਚਾਓ ਬਜਟ ਕਰਾਰ ਦਿੱਤਾ। ਮੀਤ ਹੇਅਰ ਨੇ ਕਿਹਾ ਕਿ ਸੱਤਾ ਵਾਲੀ ਕੁਰਸੀ ਬਚਾਉਣ ਲਈ ਇਹ ਕੁਝ ਵੀ ਕਰ ਰਹੇ ਹਨ। ਬਜਟ ਵਿੱਚ ਕਿਸਾਨਾਂ ਨੂੰ ਮਿਲਣ ਵਾਲੇ ਕੀਟਨਾਸ਼ਕਾਂ ਉੱਤੇ 27 ਫ਼ੀਸਦੀ ਸਬਸਿਡੀ ਘੱਟ ਕੇ ਉਨ੍ਹਾਂ ਉੱਤੇ ਬੋਝ ਪਾਇਆ ਗਿਆ ਹੈ।
ਮੀਤ ਹੇਅਰ ਨੇ ਕਿਹਾ ਕਿ 140 ਕਰੋੜ ਦੇਸ਼ ਵਾਸੀਆਂ ਵਿੱਚੋਂ ਸਿਰਫ਼ ਸਵਾ 4 ਕਰੋੜ ਲੋਕ ਹਨ ,ਜਿਨ੍ਹਾਂ ਦੀ ਮਹੀਨੇ ਦੀ ਤਨਖਾਹ 25 ਹਜ਼ਾਰ ਰੁਪਏ ਹੈ, ਕੀ ਉਹ ਇਸ ਨਾਲ ਸਨਮਾਨਜਨਕ ਜੀਵਨ ਬਤੀਤ ਕਰ ਸਕਣਗੇ। ਵਿੱਤ ਮੰਤਰੀ ਅਕਸਰ ਕਹਿੰਦੇ ਹਨ ਕਿ ਅਸੀਂ 85 ਕਰੋੜ ਲੋਕਾਂ ਨੂੰ ਮੁਫਤ ਰਾਸ਼ਣ ਦਿੰਦੇ ਹਾਂ ਪਰ ਇਹ ਕੋਈ ਮਾਣ ਵਾਲੀ ਨਹੀਂ ਸਗੋਂ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ ਇਨ੍ਹਾਂ ਨੂੰ ਗ਼ਰੀਬੀ ਵਿੱਚੋਂ ਬਾਹਰ ਨਹੀਂ ਕੱਢ ਸਕੇ।
ਐਮਪੀ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਬਜਟ 'ਚ ਕਿਸਾਨਾਂ ,ਨੌਜਵਾਨਾਂ ,ਮਹਿਲਾਵਾਂ ,ਗਰੀਬਾਂ ਦਾ ਖਿਆਲ ਰੱਖਿਆ ਗਿਆ ਹੈ ਪਰ ਕਿਸਾਨਾਂ ਨੂੰ ਮਿਲਦੀ ਸਬਸਿਡੀ ਘੱਟ ਕਰ ਦਿੱਤੀ। ਜਿਸ ਨਾਲ ਕਿਸਾਨਾਂ ਦੀ ਆਮਦਨੀ ਹੋਰ ਘੱਟ ਕਰ ਦਿੱਤੀ। ਮਨਰੇਗਾ ਦਾ ਬਜਟ ਵੀ ਘੱਟ ਕਰ ਦਿੱਤਾ ,ਜਦਕਿ ਮਨਰੇਗਾ 'ਚ ਸਭ ਤੋਂ ਵੱਧ ਮਹਿਲਾਵਾਂ ਕੰਮ ਕਰਦੀਆਂ ਹਨ।
ਸਾਂਸਦ ਨੇ ਕਿਹਾ ਕਿ ਤੁਸੀਂ ਆਤਮ ਨਿਰਭਰ ਭਾਰਤ ਦੀ ਗੱਲ ਕਰਦੇ ਹੋ ,ਉਹ ਪੰਜਾਬ ਦੇ ਕਿਸਾਨਾਂ ਨੇ ਬਣਾਇਆ ਹੈ, ਜਿਸ ਦਾ ਸਾਨੂੰ ਖਾਮਿਆਜਾ ਭੁਗਤਣਾ ਪਿਆ ਹੈ, ਸਾਡਾ ਪਾਣੀ ਖਤਮ ਹੋ ਗਿਆ, ਪੰਜਾਬ ਵਿੱਚੋਂ ਕੈਂਸਰ ਦੀ ਟਰੇਨ ਚੱਲਦੀ ਹੈ, ਅਸੀਂ ਆਪਣਾ ਸਾਰਾ ਕੁਝ ਦੇਸ਼ ਲਈ ਕੁਰਬਾਨ ਕਰ ਲਿਆ ਪਰ ਇਸ ਦੇ ਬਦਲੇ ਸਾਨੂੰ ਕੀ ਮਿਲਿਆ ? ਇਸ ਮੌਕੇ ਮੀਤ ਹੇਅਰ ਨੇ ਪੰਜਾਬ ਲਈ ਸਪੈਸ਼ਟ ਪੈਕੇਜ ਦੀ ਮੰਗ ਕੀਤੀ।
ਮੀਤ ਹੇਅਰ ਨੇ ਕਿਹਾ ਕਿ ਦੂਜੇ ਸੂਬਿਆਂ ਨੂੰ ਹੜ੍ਹਾਂ ਨਾਲ ਨਜਿੱਠਣ ਲਈ ਫੰਡ ਦਿੱਤਾ ਗਿਆ ਹੈ। ਜੋ ਹੜ੍ਹ ਹਿਮਾਚਲ ,ਬਿਹਾਰ ਅਤੇ ਉੱਤਰਾਖੰਡ 'ਚ ਆਏ , ਉਸ ਦਾ ਸਾਰਾ ਪਾਣੀ ਪੰਜਾਬ 'ਚ ਆਇਆ। ਜਿਸ ਕਰਕੇ 1680 ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦਾ ਹੋਇਆ ਹੈ ਪਰ ਪੰਜਾਬ ਨੂੰ ਕੋਈ ਹੜ੍ਹਾਂ ਲਈ ਫੰਡ ਨਹੀਂ ਦਿੱਤਾ ਗਿਆ। ਪੰਜਾਬ ਨਾਲ ਐਨੀ ਨਫ਼ਰਤ ਕਿਉਂ ,ਜਦਕਿ ਦੇਸ਼ ਆਜ਼ਾਦ ਕਰਾਉਣ ਲਈ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਹਨ। ਪੰਜਾਬ ਵਿੱਚ ਕੋਈ ਪਿੰਡ ਅਜਿਹਾ ਨਹੀਂ ਹੋਵੇਗਾ, ਜਿਸ ਵਿੱਚ ਕਿਸੇ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ, ਅੱਜ ਵੀ ਤਿਰੰਗੇ ਵਿੱਚ ਲਿਪਟ ਕੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਹਨ।