
ਬੇਅਦਬੀ ਤੇ ਗੋਲੀਕਾਂਡ ਦਾ ਇਨਸਾਫ਼ ਮੰਗਦਿਆਂ 53ਵੇਂ ਜਥੇ ਨੇ ਦਿਤੀ ਗਿ੍ਰਫ਼ਤਾਰੀ
ਦੇਸ਼ ਦੀ ਆਜ਼ਾਦੀ ਤੇ ਤਰੱਕੀ ਲਈ ਸਿੱਖਾਂ ਦਾ ਵਿਲੱਖਣ ਯੋਗਦਾਨ ਪਰ ਨਹੀਂ ਮਿਲਿਆ ਇਨਸਾਫ਼ : ਢੁੱਡੀ
ਕੋਟਕਪੂਰਾ, 25 ਅਗੱਸਤ (ਗੁਰਿੰਦਰ ਸਿੰਘ) : ਦੇਸ਼ ਦੀ ਆਜ਼ਾਦੀ ਅਤੇ ਤਰੱਕੀ ਲਈ ਸਿੱਖਾਂ ਵਲੋਂ ਦਿਤੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਮੁੱਲ ਕਿਸੇ ਵੀ ਸਰਕਾਰ ਨੇ ਨਹੀਂ ਪਾਇਆ। ਭਾਵੇਂ ਉਹ ਪੰਥ ਦੇ ਨਾਮ ’ਤੇ ਵੋਟਾਂ ਬਟੋਰ ਕੇ ਸੱਤਾ ਦਾ ਆਨੰਦ ਹੀ ਕਿਉਂ ਨਾ ਮਾਣਦੀ ਰਹੀ ਹੋਵੇ। ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਸਮੇਤ ਸਰਬਜੀਤ ਸਿੰਘ ਸਮਾਲਸਰ, ਬਲਦੇਵ ਸਿੰਘ ਗਗੋਹਰ, ਦਰਸ਼ਨ ਸਿੰਘ ਮੰਡੇਰ ਜਿਲਾ ਪ੍ਰਧਾਨ ਬਰਨਾਲਾ ਅਤੇ ਕਰਨੈਲ ਸਿੰਘ ਜਥੇਬੰਦਕ ਸਕੱਤਰ ਪੰਜਾਬ ਨੇ ਸਿੱਖਾਂ ਨੇ ਹੁੰਦੀਆਂ ਅਤੇ ਹੋ ਰਹੀਆਂ ਵਿਤਕਰੇਬਾਜ਼ੀਆਂ, ਜ਼ਿਆਦਤੀਆਂ, ਧੱਕੇਸ਼ਾਹੀਆਂ ਆਦਿ ਦਾ ਵਿਸਥਾਰ ’ਚ ਵਰਨਣ ਕੀਤਾ।
ਉਨ੍ਹਾਂ ਦਸਿਆ ਕਿ ਦਿੱਲੀ ਸਿੱਖ ਕਤਲੇਆਮ ਸਮੇਤ ਨਕੋਦਰ ਕਾਂਡ, ਬਰਗਾੜੀ ਬੇਅਦਬੀ ਅਤੇ ਉਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਵਿਖੇ ਵਾਪਰੇ ਪੁਲਸੀਆ ਅਤਿਆਚਾਰ ਵਾਲੇ ਸਾਰੇ ਮਾਮਲਿਆਂ ਦੇ ਦੋਸ਼ੀ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀ ਜ਼ਰੂਰਤ ਤਕ ਨਹੀਂ ਸਮਝ ਰਹੀਆਂ। ਉਨ੍ਹਾਂ ਸਮੇਂ ਦੇ ਹਾਕਮਾਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਨਾ ਦਿਤਾ ਗਿਆ ਤਾਂ ਉਕਤਾਨ ਸਿਆਸਤਦਾਨਾਂ ਨੂੰ ਇਸ ਦਾ ਖ਼ਮਿਆਜ਼ਾ ਲੋਕ ਕਚਹਿਰੀ ਵਿਚ ਜ਼ਰੂਰ ਭੁਗਤਣਾ ਪਵੇਗਾ। ਅੱਜ 56ਵੇਂ ਦਿਨ ਇਨਸਾਫ਼ ਮੋਰਚੇ ਦੇ ਹੱਕ ਵਿਚ ਗਿ੍ਰਫ਼ਤਾਰੀ ਦੇਣ ਵਾਲੇ ਜ਼ਿਲ੍ਹਾ ਬਰਨਾਲਾ ਤੋਂ 53ਵੇਂ ਜਥੇ ਵਿਚ ਸ਼ਾਮਲ ਮਹਿੰਦਰ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ, ਜਗਦੇਵ ਸਿੰਘ, ਇੰਦਰਜੀਤ ਸਿੰਘ, ਅਜੈਬ ਸਿੰਘ, ਹਰਦੇਵ ਸਿੰਘ, ਹਰਪ੍ਰੀਤ ਸਿੰਘ, ਇਕਬਾਲ ਸਿੰਘ, ਹਰਦੀਪ ਸਿੰਘ, ਹਰਬੰਸ ਸਿੰਘ, ਸਾਧੂ ਸਿੰਘ, ਜੱਗਰ ਸਿੰਘ, ਰਾਜ ਸਿੰਘ ਅਤੇ ਬਲਵੀਰ ਸਿੰਘ ਦਾ ਅਰਦਾਸ-ਬੇਨਤੀ ਕਰਨ ਉਪਰੰਤ ਸਿਰੋਪਾਉ ਦੀ ਬਖ਼ਸ਼ਿਸ਼ ਨਾਲ ਸਨਮਾਨ ਕੀਤਾ ਗਿਆ।