
ਅਪਣੇ ਮੁਲਕ ਦੀ ਮਿੱਟੀ ਵੀ ਲਿਆਉਣ ਦਾ ਸਮਾਂ ਨਹੀਂ ਮਿਲਿਆ : ਅਨਾਰਕਲੀ ਕੌਰ
ਕਿਹਾ, ‘ਮੈਂ ਦਿੱਲੀ ਤੋਂ ਅਫ਼ਗ਼ਾਨਿਸਤਾਨ ਲਈ ਕੰਮ ਕਰਨਾ ਜਾਰੀ ਰਖਾਂਗੀ’
ਨਵੀਂ ਦਿੱਲੀ, 25 ਅਗੱਸਤ : ਅਫ਼ਗ਼ਾਨਿਸਤਾਨ ਦੀ ਪਹਿਲੀ ਗ਼ੈਰ ਮੁਸਲਿਮ ਸਾਂਸਦ ਅਨਾਰਕਲੀ ਕੌਰ ਹੋਨਰਯਾਰ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਅਪਣਾ ਮੁਲਕ ਛੱਡਣਾ ਪਏਗਾ। ਪਰ ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਦੇ ਬਾਅਦ ਉਨ੍ਹਾਂ ਨੂੰ ਉਡਾਨ ’ਚ ਸਵਾਰ ਹੋਣ ਤੋਂ ਪਹਿਲਾਂ ਅਪਣੇ ਮੁਲਕ ਦੀ ਯਾਦ ਵਜੋਂ ਮੁੱਠੀਭਰ ਮਿੱਟੀ ਤਕ ਵੀ ਰਖਣ ਦਾ ਮੌਕਾ ਨਹੀਂ ਮਿਲਿਆ।
36 ਸਾਲਾ ਅਨਾਰਕਲੀ ਕੌਰ ਪੇਸ਼ੇ ਤੋਂ ਦੰਦਾ ਦੀ ਡਾਕਟਰ ਹੈ ਅਤੇ ਅਫ਼ਗ਼ਾਨਿਸਤਾਨ ਦੇ ਜ਼ਿਆਦਾਤਰ ਪੁਰਸ਼ਵਾਦੀ ਸਮਾਜ ’ਚ ਔਰਤਾਂ ਦੇ ਹਿਤਾਂ ਦੀ ਹਮਾਇਤੀ ਰਹੀ ਹੈ ਅਤੇ ਉਨ੍ਹਾਂ ਨੇ ਕਮਜ਼ੋਰ ਭਾਈਚਾਰੇ ਦੇ ਅਧਿਕਾਰਾਂ ਲਈ ਕਈ ਮੁਹਿੰਮਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦਾ ਪ੍ਰਗਤੀਸ਼ੀਲ ਅਤੇ ਲੋਤੰਤਰਿਕ ਅਫ਼ਗ਼ਾਨਿਸਤਾਨ ਵਿਚ ਰਹਿਣ ਦਾ ਸੁਪਨਾ ਸੀ। ਉਨ੍ਹਾਂ ਕਿਹਾ, ‘‘ਮੇਰਾ ਸੁਪਨਾ ਚਕਨਾਚੂਰ ਹੋ ਗਿਆ ਹੈ।’’ ਉਹ ਹੁਣ ਵੀ ਉਮੀਦ ਕਰਦੀ ਹੈ ਕਿ ਅਫ਼ਗ਼ਾਨਿਸਤਾਨ ਨੂੰ ਇਕ ਅਜਿਹੀ ਸਰਕਾਰ ਮਿਲੇ ਜੋ ਪਿਛਲੇ 20 ਸਾਲਾਂ ’ਚ ਹਾਸਲ ਹੋਏ ਲਾਭ ਦੀ ਰਖਿਆ ਕਰੇ। ‘‘ਸ਼ਾਇਦ ਇਸ ਦੀ ਸੰਭਾਵਨਾ ਘੱਟ ਹੈ ਪਰ ਸਾਡੇ ਕੋਲ ਹੁਣ ਵੀ ਸਮਾਂ ਹੈ।’’ ਅਫ਼ਗ਼ਾਨਿਸਤਾਨ ’ਚ ਦੁਸ਼ਮਣੀ ਕਾਰਨ ਸਿੱਖ ਸਾਂਸਦ ਦੇ ਰਿਸ਼ਤੇਦਾਰਾਂ ਨੂੰ ਪਹਿਲਾਂ ਭਾਰਤ, ਯੂਰਪ ਅਤੇ ਕੈਨੇਡਾ ਜਾਣ ਲਈ ਮਜਬੂਰ ਹੋਣਾ ਪਿਆ ਸੀ।
ਅਨਾਰਕਲੀ ਕੌਰ ਨੇ ਨਮ ਅੱਖਾਂ ਨਾਲ ਪੀਟੀਆਈ ਨੂੰ ਕਿਹਾ, ‘‘ਮੈਨੂੰ ਯਾਦ ਦੇ ਤੌਰ ’ਤੇ ਅਪਣੇ ਦੇਸ਼ ਦੀ ਮੁੱਠੀਭਰ ਮਿੱਟੀ ਲਿਆਉਣ ਦਾ ਸਮਾਂ ਵੀ ਨਹੀਂ ਮਿਲਿਆ। ਮੈਂ ਜਹਾਜ਼ ਵਿਚ ਬੈਠਣ ਤੋਂ ਪਹਿਲਾਂ ਹਵਾਈਅੱਡੇ ’ਤੇ ਜ਼ਮੀਨ ਨੂੰ ਸਿਰਫ਼ ਹੱਥ ਲਾ ਸਕੀ। ਉਹ ਦਿੱਲੀ ਦੇ ਇਕ ਹੋਟਲ ਵਿਚ ਰੁਕੀ ਹੋਈ ਹੈ ਅਤੇ ਉਸ ਦੀ ਬਿਮਾਰ ਮਾਂ ਵਾਪਸ ਕਾਬੁਲ ਜਾਣਾ ਚਾਹੁੰਦੀ ਹੈ।
ਸੰਸਦ ਮੈਂਬਰ ਨੇ ਅਪਣੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਅਫ਼ਗ਼ਾਨ ਮਨੁੱਖੀ ਅਧਿਕਾਰ ਕਮਿਸ਼ਨ ਲਈ ਕੰਮ ਕਰਦੀ ਸੀ। ਉਨ੍ਹਾਂ ਕਿਹਾ, ‘‘ਇਕ ਹੀ ਧਰਮ ਦੇ ਨਾ ਹੋਣ ਦੇ ਬਾਵਜੂਦ ਮੁਸਲਿਮ ਔਰਤਾਂ ਨੇ ਮੇਰੇ ਉਤੇ ਭਰੋਸਾ ਕੀਤਾ।’’ ਉਨ੍ਹਾਂ ਕਿਹਾ, ‘‘ਮੈਂ ਤਾਲਿਬਾਨ ਵਿਰੁਧ ਬਹੁਤ ਕੁੱਝ ਕਿਹਾ ਹੈ। ਮੇਰੇ ਖ਼ਿਆਲ ਅਤੇ ਸਿਧਾਂਤ ਬਿਲਕੁਲ ਉਲਟ ਹਨ। ਮੈਂ ਦਿੱਲੀ ਤੋਂ ਅਫ਼ਗ਼ਾਨਿਸਤਾਨ ਲਈ ਕੰਮ ਕਰਨਾ ਜਾਰੀ ਰੱਖਾਂਗੀ।’’ ਅਫ਼ਗ਼ਾਨਿਸਤਾਨ ਵਿਚ ਫਸੇ ਉਨ੍ਹਾਂ ਦੇ ਦੋਸਤਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ਅਸੀਂ ਅਜਿਹੇ ਹਾਲਤਾ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਜਿਸ ਵਿਚ ਸਾਨੂੰ ਅਪਣਾ ਦੇਸ਼ ਨਾ ਛੱਡਣਾ ਪਵੇ।’’
ਉਨ੍ਹਾਂ ਕਿਹਾ, ‘‘ਮੇਰੇ ਸਾਰੇ ਦੋਸਤ ਅਤੇ ਸਹਿਯੋਗੀ ਮੈਨੂੰ ਫ਼ੋਨ ਕਰ ਰਹੇ ਹਨ, ਸਦੇਸ਼ ਭੇਜ ਰਹੇ ਹਨ। ਪਰ ਮੈਂ ਕਿਵੇਂ ਜਵਾਬ ਦੇਵਾਂ ? ਹਰ ਕਾਲ, ਹਰ ਸੰਦੇਸ਼ ਮੇਰਾ ਦਿਲ ਤੋੜ ਦਿੰਦਾ ਹੈ, ਮੈਨੂੰ ਰੁਆ ਦਿੰਦਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਮੈਂ ਦਿੱਲੀ ਵਿਚ ਸੁਰੱਖਿਅਤ ਅਤੇ ਆਰਾਮ ਨਾਲ ਹਾਂ, ਪਰ ਉਨ੍ਹਾਂ ਨੂੰ ਕਿਵੇਂ ਦੱਸਾਂ ਕਿ ਮੈਂ ਉਨ੍ਹਾਂ ਨੂੰ ਯਾਦ ਕਰਦੀ ਹਾਂ।’’ (ਏਜੰਸੀ)