
ਇਸ ਸਮੇਂ ਯੂਨੀਵਰਸਿਟੀ ਦੇ ਅੰਦਰ ਕਾਂਗਰਸ ਦੀ ਐਨਐਸਯੂਆਈ, ਭਾਜਪਾ ਦੀ ਏਬੀਵੀਪੀ, ਅਕਾਲੀ ਦਲ ਦੀ ਐਸਓਆਈ ਅਤੇ ਆਮ ਆਦਮੀ ਪਾਰਟੀ ਦੀ ਸੀਵਾਈਐਸਐਸ ਸਰਗਰਮ ਹਨ
ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ 11 ਕਾਲਜਾਂ ਵਿਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 6 ਸਤੰਬਰ ਨੂੰ ਹੋਣਗੀਆਂ। ਇਸ ਦਾ ਐਲਾਨ ਅਧਿਕਾਰਤ ਤੌਰ 'ਤੇ ਹੋ ਗਿਆ ਹੈ। ਵਿਦਿਆਰਥੀ 1 ਸਤੰਬਰ ਤੱਕ ਨਾਮਜ਼ਦਗੀ ਪੱਤਰ ਭਰ ਸਕਣਗੇ ਤੇ 29 ਅਗਸਤ ਸ਼ਾਮ 4 ਵਜੇ ਇਸ ਸਬੰਧੀ ਆਲ ਪਾਰਟੀ ਮੀਟਿੰਗ ਹੋਵੇਗੀ। 31 ਅਗਸਤ ਨੂੰ ਚੋਣਾਂ ਸਬੰਧੀ ਅੰਤਿਮ ਸੂਚੀ ਜਾਰੀ ਹੋਵੇਗੀ।
ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਵਿਚ ਇਸ ਵੇਲੇ 16 ਹਜ਼ਾਰ ਦੇ ਕਰੀਬ ਵਿਦਿਆਰਥੀ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ 11 ਕਾਲਜਾਂ ਵਿਚ 50 ਹਜ਼ਾਰ ਵਿਦਿਆਰਥੀ ਪੜ੍ਹ ਰਹੇ ਹਨ। ਇਸ ਵਾਰ 66 ਹਜ਼ਾਰ ਦੇ ਕਰੀਬ ਵਿਦਿਆਰਥੀ ਇਸ ਚੋਣ ਵਿਚ ਹਿੱਸਾ ਲੈਣਗੇ। ਯੂਨੀਵਰਸਿਟੀ ਦੇ ਅੰਦਰ ਪ੍ਰਿੰਸੀਪਲ ਦੇ ਅਹੁਦੇ ਲਈ ਕਰੀਬ 7 ਵਿਅਕਤੀਆਂ ਵਿਚਕਾਰ ਮੁਕਾਬਲਾ ਹੋ ਸਕਦਾ ਹੈ।
ਇਸ ਸਮੇਂ ਯੂਨੀਵਰਸਿਟੀ ਦੇ ਅੰਦਰ ਕਾਂਗਰਸ ਦੀ ਐਨਐਸਯੂਆਈ, ਭਾਜਪਾ ਦੀ ਏਬੀਵੀਪੀ, ਅਕਾਲੀ ਦਲ ਦੀ ਐਸਓਆਈ ਅਤੇ ਆਮ ਆਦਮੀ ਪਾਰਟੀ ਦੀ ਸੀਵਾਈਐਸਐਸ ਸਰਗਰਮ ਹਨ। ਇਸ ਤੋਂ ਇਲਾਵਾ SFS, INSO, SOPU, PUSU, PSU ਲਲਕਾਰ, HPSU ਵੀ ਚੋਣ ਮੈਦਾਨ ਵਿਚ ਹਨ।