
ਹਰਜਿੰਦਰ ਸਿੰਘ ਵੱਲੋਂ ਗਲਤ ਯੂ-ਟਰਨ ਲੈਣ ਕਾਰਨ ਵਾਪਰਿਆ ਸੀ ਸੜਕ ਹਾਦਸਾ
ਚੰਡੀਗੜ੍ਹ : ਅਮਰੀਕਾ ਦੇ ਫਲੋਰਿਡਾ ’ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਲਏ ਗਏ ਗਲਤ ਯੂ-ਟਰਨ ਕਾਰਨ ਵਾਪਰਿਆ ਸੜਕ ਹਾਦਸਾ ਕਾਫ਼ੀ ਚਰਚਾ ਵਿਚ ਹੈ। ਇਸ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਸ ਹਾਦਸੇ ਲਈ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ। ਹਰਜਿੰਦਰ ਸਿੰਘ ਖਿਲਾਫ ਅਮਰੀਕਾ ਵਿਚ ਮੁਕੱਦਮਾ ਚੱਲ ਰਿਹਾ ਹੈ। ਹਾਦਸੇ ਸਬੰਧੀ ਰੋਜ਼ਾਨਾ ਸਪੋਕਸਮੈਨ ਵੱਲੋਂ ਐਡਵੋਕੇਟ ਘੁੰਮਣ ਹੁਰਾਂ ਨਾਲ ਗੱਲਬਾਤ ਕੀਤੀ ਗਈ। ਸਪੋਕਸਮੈਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਫਲੋਰਿਡਾ ’ਚ ਵਾਪਰੀ ਇਸ ਘਟਨਾ ਨੂੰ ਵਾਪਰੇ ਇਕ ਹਫ਼ਤਾ ਹੋ ਗਿਆ ਹੈ। ਪਰ ਨਮੋਸ਼ੀ ਦੀ ਗੱਲ ਹੈ ਕਿ ਹਰਜਿੰਦਰ ਸਿੰਘ ਦੇ ਹੱਕ ਵਿਚ ਕਿਸੇ ਵੱਲੋਂ ਕੋਈ ਗੱਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਵਿਦੇਸ਼ਾਂ ’ਚ ਬੈਠੇ ਸਾਡੇ ਐਨਆਰਆਈਜ਼ ਭਰਾ ਜਿਹੜੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਮਾਲਕ ਹਨ ਉਨ੍ਹਾਂ ਵੱਲੋਂ ਹਰਜਿੰਦਰ ਸਿੰਘ ਦੇ ਹੱਕ ਵਿਚ ਹਾਅ ਦਾ ਨਾਹਰਾ ਨਹੀਂ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਨੇ ਇਸ ਹਾਦਸੇ ਨੂੰ ਜਾਣਬੁੱਝ ਅੰਜ਼ਾਮ ਨਹੀਂ ਦਿੱਤਾ ਬਲਕਿ ਇਹ ਅਚਾਨਕ ਵਾਪਰਿਆ ਹਾਦਸਾ ਹੈ। ਹਰਜਿੰਦਰ ਦੀ ਹਾਦਸੇ ਦੌਰਾਨ ਮਰਨ ਵਾਲੇ ਤਿੰਨ ਵਿਅਕਤੀਆਂ ਨਾਲ ਕੋਈ ਨਿੱਜੀ ਰੰਜਿਸ਼ ਵੀ ਨਹੀਂ ਸੀ। ਹਰਜਿੰਦਰ ਦੀ ਮੈਡੀਕਲ ਰਿਪੋਰਟ ਤੋਂ ਇਹ ਸਾਫ ਹੋ ਗਿਆ ਹੈ ਕਿ ਹਰਜਿੰਦਰ ਸਿੰਘ ਨੇ ਟਰੱਕ ਚਲਾਉਂਦੇ ਸਮੇਂ ਕੋਈ ਨਸ਼ਾ ਨਹੀਂ ਕੀਤਾ ਹੋਇਆ ਸੀ। ਜਦਕਿ ਮ੍ਰਿਤਕਾਂ ਦਾ ਕੋਈ ਮੈਡੀਕਲ ਰਿਪੋਰਟ ਹਾਲੇ ਸਾਹਮਣੇ ਨਹੀਂ ਆਈ। ਟਰੱਕ ਨਾਲ ਟਕਰਾਉਣ ਵਾਲੀ ਮਿੰਨੀ ਵੈਨ ਕਾਫੀ ਜ਼ਿਆਦਾ ਤੇਜ਼ ਸਪੀਡ ਵਿਚ ਆ ਰਹੀ ਸੀ ਅਤੇ ਵੀਡੀਓ ਵਿਚ ਇਹ ਬਹੁਤ ਹੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਦੋਂ ਹਰਜਿੰਦਰ ਸਿੰਘ ਯੂ ਟਰਨ ਲੈਂਦਾ ਹੈ ਉਸ ਸਮੇਂ ਮਿੰਨੀ ਵੈਨ ਲਗਭਗ 200 ਮੀਟਰ ਦੂਰ ਦਿਖਾਈ ਦੇ ਰਹੀ ਹੈ। ਜ਼ਿਆਦਾ ਸਪੀਡ ਹੋਣ ਕਰਕੇ ਮਿੰਨੀ ਵੈਨ ਕੰਟਰੋਲ ਨਹੀਂ ਹੋ ਸਕੀ ਅਤੇ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਐਡਵੋਕੇਟ ਨੇ ਦੱਸਿਆ ਕਿ ਹਰਜਿੰਦਰ ਸਿੰਘ ਨਾਲ ਅਮਰੀਕਾ ’ਚ ਇਹ ਸਲੂਕ ਸਿਰਫ਼ ਇਕ ਪੰਜਾਬੀ ਅਤੇ ਭਾਰਤੀ ਹੋਣ ਦੇ ਨਾਤੇ ਕੀਤਾ ਜਾ ਰਿਹਾ ਹੈ। ਜਦਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਅਤੇ ਕੈਨੇਡਾ ਵਿਚ ਵੱਡੇ-ਵੱਡੇ ਹਾਦਸੇ ਵਾਪਰ ਚੁੱਕੇ ਹਨ। ਹਰਜਿੰਦਰ ਸਿੰਘ ਨੂੰ ਬਿਨਾ ਦਸਤਾਰ ਤੋਂ ਅਦਾਲਤ ਵਿਚ ਪੇਸ਼ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਦਿਨ-ਰਾਤ ਕੰਮ ਕਰਨ ਵਾਲੇ ਸਾਡੇ ਕਿਸੇ ਵੀ ਭਾਈਚਾਰੇ ਨੂੰ ਵਿਦੇਸ਼ੀ ਲੋਕਾਂ ਨੇ ਸਤਿਕਾਰ ਦੇਣਾ ਨਹੀਂ ਸਿੱਖਿਆ, ਕਿ ਕਿਵੇਂ ਕਿਸੇ ਧਰਮ ਦੀ ਇੱਜ਼ਤ ਕਰਨੀ ਹੈ। ਐਡਵੋਕੇਟ ਵੱਲੋਂ ਦਾਅਵਾ ਕੀਤਾ ਗਿਆ ਕਿ ਅਮਰੀਕਾ ’ਚ ਹਰਜਿੰਦਰ ਸਿੰਘ ਦਾ ਕੇਸ ਲੜ ਰਹੇ ਵਿਅਕਤੀ ਲੀਗਲ ਐਕਸਪਰਟ ਨਹੀਂ। ਪਰ ਉਨ੍ਹਾਂ ਨੂੰ ਸਰਕਾਰ ਵੱਲੋਂ ਕੇਸ ਲੜਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਉਹ ਕੇਸ ਲੜ ਸਕਦੇ ਹਨ। ਪਰ ਉਨ੍ਹਾਂ ਵੱਲੋਂ ਦਿੱਤੀ ਗਈ ਰਾਏ ਕੋਰਟ ਫਰੇਮ ਅਨੁਸਾਰ ਫਿੱਟ ਨਹੀਂ ਬੈਠਦੀ ਅਤੇ ਉਨ੍ਹਾਂ ਵੱਲੋਂ ਹਰਜਿੰਦਰ ਸਿੰਘ ਦੇ ਖਿਲਾਫ ਹੀ ਰਿਪੋਰਟ ਦੇਣ ਦੀ ਉਮੀਦ ਹੈ ਅਤੇ ਫੈਸਲਾ ਹਰਜਿੰਦਰ ਸਿੰਘ ਦੇ ਖਿਲਾਫ ਆਵੇਗਾ। ਜਦਕਿ ਇਸ ਮਾਮਲੇ ’ਤੇ ਫੈਸਲਾ ਅਦਾਲਤ ਵੱਲੋਂ ਸੁਣਾਇਆ ਜਾਣਾ ਹੈ।
ਐਡਵੋਕੇਟ ਘੁੰਮਣ ਹੋਰਾਂ ਨੇ ਦੱਸਿਆ ਕਿ ਦੇਸ਼ ’ਚ ਬੇਰੁਜ਼ਗਾਰੀ ਹੋਣ ਕਾਰਨ ਹੀ ਸਾਡੇ ਨੌਜਵਾਨ ਬੱਚੇ ਉਥੇ ਕੰਮ ਦੀ ਭਾਲ ’ਚ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਇਥੇ ਰੁਜ਼ਗਾਰ ਮਿਲਣ ਤਾਂ ਉਹ ਵਿਦੇਸ਼ਾਂ ’ਚ ਧੱਕੇ ਖਾਣ ਲਈ ਕਿਉਂ ਜਾਣ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਉਹ ਹਰਜਿੰਦਰ ਸਿੰਘ ਦੇ ਮਸਲੇ ’ਤੇ ਤੁਰੰਤ ਐਕਸ਼ਨ ਲੈਣ। ਉਨ੍ਹਾਂ ਸਿੱਖ ਅਤੇ ਹਿੰਦੂ ਜਥੇਬੰਦੀਆਂ ਸਮੇਤ ਸਮੂਹ ਲੋਕਾਂ ਨੂੰ ਹਰਜਿੰਦਰ ਹੱਕ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ।