
Patiala News : ਸਿਹਤ ਮੰਤਰੀ ਡਾ.ਬਲਬੀਰ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ, ਪੁਲਿਸ ਨੇ ਜਾਂਚ ਕੀਤੀ ਸ਼ੁਰੂ, ਬੱਚੇ ਦੇ ਧੱੜ ਦੀ ਕਰ ਰਹੀ ਭਾਲ
Patiala News in Punjabi : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸ਼ਾਮ 5:30 ਵਜੇ ਦੇ ਕਰੀਬ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਵਾਰਡ ਨੰਬਰ 4 ਨੇੜੇ ਇੱਕ ਕੁੱਤੇ ਨੂੰ ਬੱਚੇ ਦਾ ਸਿਰ ਲੈ ਕੇ ਘੁੰਮਦਾ ਦਿਖਾਈ ਦੇਣ ਸਬੰਧੀ ਘਟਨਾ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਘਟਨਾ ਦੀ ਸੂਚਨਾ ਮਿਲਣ 'ਤੇ ਡਾ. ਬਲਬੀਰ ਸਿੰਘ ਨੇ ਹਸਪਤਾਲ ਦੇ ਅਧਿਕਾਰੀਆਂ ਅਤੇ ਸਥਾਨਕ ਪੁਲਿਸ ਨੂੰ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤਾ ਗਿਆ ਬੱਚੇ ਦਾ ਸਿਰ ਜਾਂਚ ਲਈ ਫੋਰੈਂਸਿਕ ਟੀਮ ਨੂੰ ਸੌਂਪ ਦਿੱਤਾ ਗਿਆ ਹੈ।
ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਦੀ ਮੁੱਢਲੀ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਜਨਮੇ ਸਾਰੇ ਬੱਚੇ ਵਾਰਡਾਂ ਵਿੱਚ ਮੌਜੂਦ ਹਨ ਅਤੇ ਹਸਪਤਾਲ ਵਿੱਚੋਂ ਕੋਈ ਵੀ ਨਵਜੰਮਿਆ ਬੱਚਾ ਗਾਇਬ ਨਹੀਂ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਾਲ ਹੀ ਵਿੱਚ ਹਸਪਤਾਲ ਵਿੱਚ ਤਿੰਨ ਬੱਚਿਆਂ ਦੀ ਮੌਤਾਂ ਰਿਪੋਰਟ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀਆਂ ਲਾਸ਼ਾਂ ਸਾਰੀਆਂ ਜ਼ਰੂਰੀ ਦਸਤਾਵੇਜ਼ੀ ਕਾਰਵਾਈਆਂ, ਦਸਤਖਤਾਂ ਦੇ ਰਿਕਾਰਡ ਸਮੇਤ, ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ।
ਡਾ. ਚੋਪੜਾ ਨੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਇਹ ਘਟਨਾ ਹਸਪਤਾਲ ਦੇ ਅੰਦਰ ਵਾਪਰੀ ਨਹੀਂ ਜਾਪਦੀ ਅਤੇ ਪਹਿਲੀ ਨਜ਼ਰੇ ਦੇਖਣ ਤੋਂ ਇੰਜ ਲਗਦਾ ਹੈ ਕਿ ਕਿਸੇ ਨੇ ਬਾਹਰੋਂ ਬੱਚੇ ਦੇ ਅਵਸ਼ੇਸ਼ ਹਸਪਤਾਲ ਵਿੱਚ ਸੁੱਟੇ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੇ ਤੱਥਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਵਿਆਪਕ ਜਾਂਚ ਚੱਲ ਰਹੀ ਹੈ।
ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਰਾਜ ਸਰਕਾਰ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਕੇਸ ਦੀ ਜਾਂਚ ਪੂਰੀ ਬਾਰੀਕੀ ਨਾਲ ਹੋਵੇ।
(For more news apart from Shocking case from Rajindra Hospital: Stray dog seen roaming around carrying child's head News in Punjabi, stay tuned to Rozana Spokesman)