
ਧਰਨੇ 'ਚ ਭਾਸ਼ਨ ਦੇ ਰਹੀ ਬੀਬੀ ਜਗੀਰ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ
ਕਪੂਰਥਲਾ, 25 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਖੇਤੀ ਬਿਲਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਗਏ। ਇਸ ਦੇ ਚਲਦਿਆਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਭਾਨਪੁਰ ਚੌਂਕ ਵਿਚ ਅਕਾਲੀ ਦਲ ਵਲੋਂ ਦਿਤੇ ਗਏ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਜਦੋਂ ਬੀਬੀ ਜਗੀਰ ਕੌਰ ਨੇ ਭਾਸ਼ਨ ਦੇਣਾ ਸ਼ੁਰੂ ਕੀਤਾ ਤਾਂ ਕੁਝ ਕਿਸਾਨਾਂ ਵਲੋਂ ਬੀਬੀ ਜਗੀਰ ਕੌਰ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਕਿਸਾਨਾਂ ਦੇ ਸੱਚੇ ਹਮਾਇਤੀ ਹੁੰਦੇ ਤਾਂ ਉਹ ਕਿਸਾਨਾਂ ਦਾ ਝੰਡਾ ਲੈ ਕੇ ਆਉਂਦੇ ਨਾ ਕਿ ਅਕਾਲੀ ਦਲ ਦਾ। ਇਸ ਦੇ ਚਲਦਿਆਂ ਇਕ ਕਿਸਾਨ ਵਲੋਂ ਉੱਚੀ-ਉੱਚੀ ਬੋਲ ਕੇ ਬੀਬੀ ਜਗੀਰ ਕੌਰ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਅਪਣਾ ਭਾਸ਼ਨ ਜਾਰੀ ਰੱਖਿਆ। ਵਿਗੜ ਰਹੇ ਮਾਹੌਲ ਨੂੰ ਦੇਖਦਿਆਂ ਮੌਕੇ 'ਤੇ ਮੌਜੂਦ ਪੁਲਿਸ ਨੇ ਮਾਮਲੇ 'ਤੇ ਕਾਬੂ ਪਾਇਆ ਤੇ ਵਿਰੋਧ ਕਰ ਰਹੇ ਕਿਸਾਨ ਨੂੰ ਉੱਥੋਂ ਭੇਜ ਦਿਤਾ। ਦੱਸ ਦਈਏ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕੇਂਦimageਰ ਸਰਕਾਰ ਤੇ ਸਿਆਸੀ ਪਾਰਟੀਆਂ ਖਿਲਾਫ਼ ਅਪਣੀ ਭੜਾਸ ਕੱਢੀ।