
ਕਿਸੇ ਵੀ ਮੈਡੀਕਲ ਟੈਸਟ ਲਈ ਤਿਆਰ ਹਾਂ : ਰਕੁਲਪ੍ਰੀਤ
ਐਨਸੀਬੀ ਨੇ 4 ਘੰਟਿਆਂ ਤਕ ਕੀਤੀ ਰਕੁਲਪ੍ਰੀਤ ਤੋਂ ਪੁਛਗਿਛ
ਨਵੀਂ ਦਿੱਲੀ, 25 ਸਤੰਬਰ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁਡ ਵਿਚ ਨਸ਼ਿਆਂ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਕਾਰਾ ਰਕੂਲਪ੍ਰੀਤ ਸਿੰਘ ਤੋਂ ਅੱਜ ਤਕਰੀਬਨ 4 ਘੰਟੇ ਤਕ ਪੁਛਗਿਛ ਕੀਤੀ । ਸੂਤਰਾਂ ਅਨੁਸਾਰ ਰਕੂਲਪ੍ਰੀਤ ਨੇ ਰਿਆ ਨਾਲ ਨਸ਼ਿਆਂ ਬਾਰੇ ਗੱਲਬਾਤ ਕਰਨ ਦੀ ਗੱਲ ਕਬੂਲੀ ਹੈ, ਪਰ ਖ਼ੁਦ ਨਸ਼ੇ ਲੈਣ ਤੋਂ ਇਨਕਾਰ ਕੀਤਾ ਹੈ। ਅਦਾਕਾਰਾ ਨੇ ਕਿਹਾ ਕਿ ਉਹ ਕਿਸੇ ਵੀ ਮੈਡੀਕਲ ਟੈਸਟ ਲਈ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਦੇ ਸੌਦਾਗਰ ਜੋ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਨ, ਉਨ੍ਹਾਂ ਨੂੰ ਕਦੇ ਨਹੀਂ ਮਿਲੀ, ਸਾਹਮਣੇ ਬਿਠਾ ਕੇ ਕੋਈ ਵੀ ਜਬਾਵ ਦੇਣ ਲਈ ਵੀ ਮੈਂ ਤਿਆਰ ਹਾਂ। ਰਕੂਲਪ੍ਰੀਤ ਸਵੇਰੇ ਕਰੀਬ 10.30 ਵਜੇ ਐਨਸੀਬੀ ਦਫ਼ਤਰ ਪਹੁੰਚੀ ਅਤੇ ਦੁਪਹਿਰ 2.30 ਵਜੇ ਉਥੋਂ ਰਵਾਨਾ ਹੋਈ।
ਐਨਸੀਬੀ ਨੇ ਕਰਨ ਜੌਹਰ ਦੇ ਧਰਮ ਪ੍ਰੋਡਕਸ਼ਨ ਦੇ ਨਿਰਦੇਸ਼ਕ ਕਸ਼ਟੀਜ ਰਵੀ ਪ੍ਰਸਾਦ ਦੇ ਘਰ ਵੀ ਛਾਪਾ ਮਾਰਿਆ। ਉਸਦੇ ਘਰੋਂ ਭੰਗ ਬਰਾਮਦ ਕੀਤੀ ਹੈ, ਹਾਲਾਂਕਿ ਇਸ ਦੀ ਮਾਤਰਾ ਕਾਫ਼ੀ ਘੱਟ ਹੈ। ਪ੍ਰਸਾਦ ਵੀ ਪੁਛਗਿਛ ਅਧੀਨ ਹਨ। ਇਸ ਦੇ ਨਾਲ ਹੀ ਦੀਪਿਕਾ ਪਾਦੁਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਵੀ ਸਵਾਲ ਕੀਤੇ ਜਾ ਰਹੇ ਹਨ। ਧਰਮ ਪ੍ਰੋਡਕਸ਼ਨ ਦੇ ਸਹਾਇਕ ਨਿਰਦੇਸ਼ਕ ਅਤੇ ਕਸ਼ਟੀਜ ਦੇ ਕਰੀਬੀ ਅਨੁਭਵ ਚੋਪੜਾ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੀਪਿਕਾ ਪਾਦੂਕੋਣ, ਸਾਰਾ ਅਲੀ ਖ਼ਾਨ ਅਤੇ ਸ਼ਰਧਾ ਕਪੂਰ ਤੋਂ ਕੱਲ ਪੁਛਗਿਛ ਕੀਤੀ ਜਾਏਗੀ। ਇਨ੍ਹਾਂ ਤਿੰਨਾਂ 'ਤੇ ਵੀ ਨਸ਼ੇ ਲੈਣ ਦਾ ਦੋਸ਼ ਹੈ। ਦਸਿਆ ਜਾ ਰਿਹਾ ਹੈ ਕਿ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਰੀਆ ਚੱਕਰਵਰਤੀ ਨੇ ਪੁਛਗਿਛ ਦੌਰਾਨ ਕਈ ਅਭਿਨੇਤਰੀਆਂ ਦਾ ਨਾਮ ਲਿਆ ਹੈ। ਦੀਪਿਕਾ ਅਤੇ ਉਸ ਦੇ ਮੈਨੇਜਰ ਦੀ ਵਟਸਐਪ ਚੈਟ 'ਚ ਨਸ਼ਿਆਂ ਦੀ ਆਪਸੀ ਮਿਲੀ ਭੂਗਤ ਵੀ ਸਾਹਮਣੇ ਆਈ ਹੈ।
ਇਸ ਦੌਰਾਨ ਦੀਪਿਕਾ ਅਤੇ ਸਾਰਾ ਵੀਰਵਾਰ ਨੂੰ ਗੋਆ ਤੋਂ ਮੁੰਬਈ ਵਾਪਸ ਪਰਤੀ। ਸੂਤਰਾਂ ਅਨੁਸਾਰ ਦੀਪਿਕਾ ਦੇ ਪਤੀ ਰਣਵੀਰ ਨੇ ਐਨਸੀਬੀ ਨੂੰ ਅਪੀਲ ਕੀਤੀ ਹੈ ਕਿ ਉਹ ਪੁਛਗਿਛ ਦੌਰਾਨ ਦੀਪਿਕਾ imageਦੇ ਨਾਲ ਰਹਿਣਾ ਚਾਹੁੰਦਾ ਹੈ, ਜਾਂਚ ਦੇ ਸਮੇਂ ਉਨ੍ਹਾਂ ਦੇ ਨਾਲ ਰਹਿਣ ਦੀ ਆਗਿਆ ਦਿਤੀ ਜਾਣੀ ਚਾਹੀਦੀ ਹੈ।