
ਸੁਮੇਧ ਸੈਣੀ : ਕਲ ਲਾਇਆ ਕੋਰੋਨਾ ਦਾ ਬਹਾਨਾ, ਅੱਜ ਚੁੱਪ ਚਪੀਤੇ ਮੁਹਾਲੀ ਦੀ ਅਦਾਲਤ 'ਚ ਪੇਸ਼
ਗ਼ੈਰ ਜ਼ਮਾਨਤੀ ਵਾਰੰਟ ਵਾਪਸ ਲਏ ਜਾਣ ਦੀ ਕੀਤੀ ਮੰਗ
ਐਸ.ਏ.ਐਸ. ਨਗਰ, 25 ਸਤੰਬਰ (ਗੁਰਮੁੱਖ ਸਿੰਘ ਵਾਲੀਆ) : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਤੇ ਕਤਲ ਕੇਸ ਵਿਚ ਅੱਜ ਚੁਪ ਚੁਪੀਤੇ ਹੀ ਅਪਣੇ ਵਕੀਲ ਏਪੀਐਸ ਦਿਉਲ ਨਾਲ ਮੁਹਾਲੀ ਦੀ ਅਦਾਲਤ ਵਿਚ ਪੇਸ਼ ਹੋਏ। ਪਰ ਨਾਲ ਹੀ ਖ਼ਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਸੁਮੇਧ ਸੈਣੀ ਅੱਜ ਸਿੱਟ ਸਾਹਮਣੇ ਵੀ ਪੇਸ਼ ਹੋਏ ਹਨ ਜੋ ਕਿ ਗ਼ਲਤ ਜਾਣਕਾਰੀ ਹੈ। ਸੁਮੇਧ ਸੈਣੀ ਨੇ 30 ਸਤੰਬਰ ਨੂੰ ਸਿੱਟ ਸਾਹਮਣੇ ਪੇਸ਼ ਹੋਣ ਦੀ ਹਾਮੀ ਜ਼ਰੂਰ ਭਰੀ ਹੈ ਪਰ ਉਹ ਅੱਜ ਸਿੱਟ ਸਾਹਮਣੇ ਪੇਸ਼ ਨਹੀਂ ਹੋਏ ਹਨ। ਉਨ੍ਹਾਂ ਨੇ ਅੱਜ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਵਿਰੁਧ ਜਾਰੀ ਕੀਤੇ ਗਏ ਗ਼ੈਰ ਜ਼ਮਾਨਤੀ ਵਾਰੰਟ ਵਾਪਸ ਲਏ ਜਾਣ।
ਸੈਣੀ ਵਲੋਂ ਅਦਾਲਤ ਵਿਚ ਦਾਇਰ ਕੀਤੀ ਅਰਜ਼ੀ ਵਿਚ ਬੇਨਤੀ ਕੀਤੀ ਗਈ ਕਿ ਉਸ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਇਸ ਨੂੰ ਵੇਖਦੇ ਹੋਏ ਮੁਹਾਲੀ ਦੀ ਅਦਾਲਤ ਵਲੋਂ ਉਸ ਵਿਰੁਧ 12 ਸਤੰਬਰ ਨੂੰ ਜਾਰੀ ਕੀਤੇ ਗ਼ੈਰ ਜ਼ਮਾਨਤੀ ਵਾਰੰਟ ਜਿਨ੍ਹਾਂ ਤਹਿਤ ਉਸਨੂੰ 25 ਸਤੰਬਰ ਤਕ ਗ੍ਰਿਫ਼ਤਾਰ ਕਰ ਕੇ ਪੇਸ਼ ਕਰਨ ਵਾਸਤੇ ਕਿਹਾ ਗਿਆ ਸੀ ਉਹ ਵਾਪਸ ਲਏ ਜਾਣ। ਸੈਣੀ ਨੇ ਅਰਜ਼ੀ ਵਿਚ ਇਹ ਵੀ ਲਿਖਿਆ ਹੈ ਕਿ ਉਹ 30 ਸਤੰਬਰ ਨੂੰ ਜਾਂਚ ਟੀਮ ਨਾਲ ਸਹਿਯੋਗ ਕਰਨ ਤੇ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਹੈimage। ਅਦਾਲਤ ਨੇ ਸਰਕਾਰੀ ਤੇ ਮੁਦਈ ਧਿਰ ਨੂੰ 30 ਸਤੰਬਰ ਲਈ ਨੋਟਿਸ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਸੈਣੀ ਵਿਰੁਧ ਮਟੌਰ ਥਾਣੇ ਵਿਚ ਧਾਰਾ 302, 364, 201, 344, 330, 219 ਅਤੇ 120 ਬੀ ਆਈ ਪੀ ਸੀ ਤਹਿਤ ਅਗਵਾਕਾਰੀ ਤੇ ਕਤਲ ਦਾ ਮੁਕੱਦਮਾ ਦਰਜ ਹੈ।