
ਪੰਜਾਬ ਬੰਦ ਨੂੰ ਪਿੰਡਾਂ ਤੇ ਸ਼ਹਿਰਾਂ 'ਚ ਮਿਲਿਆ ਜ਼ਬਰਦਸਤ ਸਮਰਥਨ
ਵੱਖ-ਵੱਖ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਤੇ ਸਮਾਜਕ ਜਥੇਬੰਦੀਆਂ ਨੇ ਪਾਇਆ ਯੋਗਦਾਨ
ਚੰਡੀਗੜ੍ਹ, 25 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਅਤੇ ਹੋਰਨਾਂ ਪਾਰਟੀਆਂ ਵਲੋਂ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਸੂਬੇ ਪੇਂਡੂ ਖੇਤਰਾਂ 'ਚ ਜ਼ਬਰਦਸਤ ਸਮਰਥਨ ਮਿਲਿਆ। ਧਰਨਿਆਂ 'ਚ ਪਿੰਡਾਂ ਦੇ ਲੋਕ ਆਪ ਮੁਹਾਰੇ ਵਹੀਰਾਂ ਘੱਤ ਕੇ ਪੁੱਜੇ। ਦੁਕਾਨਦਾਰਾਂ ਨੇ ਵੀ ਅਪਣੀਆ ਦੁਕਾਨਾਂ ਨੂੰ ਪੂਰਨ ਤੌਰ 'ਤੇ ਬੰਦ ਰੱਖ ਕੇ ਧਰਨਿਆਂ 'ਚ ਸ਼ਮੂਲੀਅਤ ਕੀਤੀ। ਬੰਦ ਦੌਰਾਨ ਸਾਰੇ ਪੰਜਾਬ ਵਿਚ ਤਕਰੀਬਨ 150 ਥਾਵਾਂ 'ਤੇ ਕਿਸਾਨਾਂ ਅਤੇ ਆਮ ਲੋਕਾਂ ਵਲੋਂ ਵੱਡੇ ਧਰਨਿਆਂ ਰਾਹੀਂ ਸੜਕੀ ਅਤੇ ਰੇਲ ਆਵਾਜਾਈ ਠੱਪ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ, ਮਜ਼ਦੂਰ ਯੂਨੀਅਨ, ਕਾਂਗਰਸ, ਅਕਾਲੀ ਦਲ ਅਤੇ ਪਿੰਡਾਂ ਦੇ ਕਿਸਾਨਾਂ ਵਲੋਂ ਅਪਣੇ ਤੌਰ 'ਤੇ ਵੀ ਕਈ ਪਿੰਡਾਂ 'ਚ ਧਰਨੇ ਲਾਏ ਗਏ। ਜ਼ਿਆਦਾਤਰ ਧਰਨਿਆਂ 'ਚ ਕੇਂਦਰ ਦੀ ਮੋਦੀ ਸਰਕਾਰ ਨੂੰ ਜੰਮ ਕੇ ਕੋਸਿਆ ਗਿਆ ਅਤੇ ਬਿਲਾਂ ਨੂੰ ਕਿਸਾਨ ਮਾਰੂ ਦਸਦਿਆਂ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਖ਼ਾਸ ਗੱਲ ਇਹ ਰਹੀ ਕਿ ਲੋਕਾਂ ਨੇ ਖੁਲ੍ਹ ਕੇ ਕਿਸਾਨਾਂ ਦਾ ਸਾਥ ਦਿਤਾ। ਸੂਬੇ ਦੇ ਚੱਪੇ-ਚੱਪੇ 'ਤੇ ਸੁਰੱਖਿਆ ਦੇ ਵੀ ਕਰੜੇ ਪ੍ਰਬੰਧ ਦੇਖੇ ਗਏ ਤੇ ਇਹ ਧਰਨੇ-ਪ੍ਰਦਰਸ਼ਨ ਪੂਰਨ ਰੂਪ 'ਚ ਸ਼ਾਂਤੀਪੂਰਵਕ ਰਹੇ।
ਹਰੀਕੇ ਪੱਤਣ (ਬਲਦੇਵ ਸਿੰਘ ਸੰਧੂ) : ਖੇਤੀ ਆਰਡੀਨੈਂਸਾਂ ਵਿਰੁਧ ਪੰਜਾਬ ਬੰਦ ਦੇ ਸੱਦੇ 'ਤੇ ਹਰੀਕੇ ਨੇੜੇ ਨੈਸ਼ਨਲ ਹਾਈਵੇ ਨੰਬਰ 54 ਨੂੰ ਪੂਰੀ ਤਰ੍ਹਾਂ ਨਾਲ ਵੱਖ-ਵੱਖ ਜਥੇਬੰਦੀਆਂ ਵਲੋ ਧਰਨਾ ਲਗਾ ਕੇ ਜਾਮ ਕਰ ਦਿਤਾ ਗਿਆ ਜਿਸਦੇ ਨਾਲ ਮਾਝੇ ਮਾਲਵੇ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਜਮਹੂਰੀ ਕਿਸਾਨ ਸਭਾ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਆਲ ਇੰਡੀਆ ਕਿਸਾਨ ਸਭਾ, ਪੰਜਾਬ ਇਸਤਰੀ ਸਭਾ ਅਤੇ ਸੀਪੀਆਈ ਜੌਣੇਕੇ ਵਲੋਂ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਵਿਰੁਧ ਧਰਨਾ ਲਾਇਆ ਗਿਆ। ਇਸ ਮੌਕੇ 'ਤੇ ਨਿਰਪਾਲ ਸਿੰਘ ਜੌਣੇਕੇ ,ਨਿਰਵੈਰ ਸਿੰਘ ਡਾਲੇਕੇ ਜਸਬੀਰ ਸਿੰਘ ਜੌਣੇਕੇ ਜਗਤਾਰ ਸਿੰਘ ਉੱਪਲ ਨੇ ਸੰਬੋਧਨ ਕੀਤਾ।
ਨਾਭਾ(ਬਲਵੰਤ ਹਿਆਣਾ) : ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਪੰਜਾਬ ਦੇ ਸੱਦੇ ਤੇ ਅੱਜ ਨਾਭਾ ਹਲਕੇ ਵਿਚ ਕਿਸਾਨਾਂ ਤੇ ਸਿਆਸੀ ਪਾਰਟੀਆਂ ਵਲੋਂ ਵੱਖ ਵੱਖ ਥਾਵਾਂ 'ਤੇ ਰੋਸ ਧਰਨੇ ਦਿਤੇ ਗਏ ਤੇ ਸੜਕਾਂ ਜਾਮ ਕੀਤੀਆਂ ਗਈਆਂ, ਜਿਸ ਦੇ ਫਲਸਰੂਪ ਅੱਜ ਨਾਭਾ ਸ਼ਹਿਰ ਮੁਕੰਮਲ ਬੰਦ ਰਿਹਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ ਹੇਠ ਵਰਕਰਾਂ ਵਲੋਂ ਨਾਭਾ ਰੋਟੀ ਪੁਲ ਦੇ ਵਿਚਕਾਰ ਵੱਡਾ ਧਰਨਾ ਲਾ ਕੇ ਰੋਡ ਜਾਮ ਕੀਤਾ ਗਿਆ। ਇਸ ਦੇ ਨਾਲ ਹੀ ਕਿਸਾਨ ਯੂਨੀਅਨ ਰਾਜੇਵਾਲ ਤੇ ਕਿਸਾਨ ਯੂਨੀਅਨ ਡਕੌਂਦਾ ਦੇ ਝੰਡੇ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਕੱਠੇ ਹੋ ਕੇ ਧਰਨਾ ਤਾਂ ਜਿਸ ਵਿਚ ਕਾਂਗਰਸ ਪਾਰਟੀ ਡੈਮੋਕ੍ਰੇਟ ਅਕਾਲੀ ਦਲ ਤੇ ਆਪ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਵੀ ਹਿੱਸਾ ਲੈਂਦਿਆਂ ਕਿਸਾਨਾਂ ਦਾ ਸਮਰਥਨ ਕੀਤਾ ਗਿਆ।
ਅੰਮ੍ਰਿਤਸਰ : ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿਲਾਂ ਵਿਰੁਧ ਕਿਸਾਨਾਂ ਦਾ ਰੇਲ ਰੋਕੂ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ-ਅੰਮ੍ਰਿਤਸਰ 'ਤੇ ਰੇਲ ਆਵਾਜਾਈ ਠੱਪ ਕਰ ਕੇ ਭਾਰੀ ਗਿਣਤੀ 'ਚ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵਲੋਂ ਕੇਂਦਰ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।
ਤਰਨ ਤਾਰਨ (ਅਜੀਤ ਸਿੰਘ ਘਰਿਆਲਾ) : ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਮੰਡੀਆਂ ਤੋੜਨ ਲਈ ਇਕ ਕਾਨੂੰਨੀ ਬਿਲ ਬਾਸ ਕੀਤਾ ਹੈ ਜਿਸ ਨਾਲ ਮੰਡੀਆਂ ਤੋੜਨ ਦੀ ਗੱਲ ਕਹੀ ਗਈ ਹੈ। ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਇਸ ਬਿਲ ਦਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਆ ਕੇ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। ਜਿਸ ਨੂੰ ਲੈ ਕਿ ਕਿਸਾਨ ਯੂਨੀਅਨਾਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿਤਾ ਸੀ ਜਿਸ ਤਹਿਤ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅੰਮ੍ਰਿਤਸਰ-ਫ਼ਿਰੋਜ਼ਪੁਰ ਹਾਈਵੇ 'ਤੇ ਰਸੂਲਪੁਰ ਨਹਿਰਾ 'ਤੇ ਵਿਸ਼ਾਲ ਧਰਨਾ ਲਾਇਆ। ਇਸ ਮੌਕੇ ਕੇਂਦਰ ਸਰਕਾਰ ਵਿਰੁਧ ਲੱਗੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆ ਵਿਧਾਇਕ ਗਿੱਲ
ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ ਦਾ ਦੁਸ਼ਮਣ ਬਣਿਆ ਹੈ ਜੋ ਕਿ ਨਿੱਤ ਨਵੇਂ-ਨਵੇਂ ਦੇਸ਼ ਵਿਰੋਧੀ ਕਾਨੂੰਨ ਲੈ ਕੇ ਆ ਰਿਹਾ ਹੈ। ਵਿਧਾਇਕ ਗਿੱਲ ਨੇ ਕਿਹਾ ਕਿ ਦੇਸ਼ ਦਾ ਮੰਡੀਕਰਨ ਸਿਸਟਮ ਬਹੁਤ ਵੱਡਾ ਹੈ ਜਿਸ 'ਤੇ ਫ਼ਸਲ ਤੋਂ ਚਾਰ ਹਜ਼ਾਰ ਕਰੋੜ ਰੂਪੈ ਟੈਕਸ ਦੇ ਰੂਪ ਵਿਚ ਮਿਲਦਾ ਹੈ ਅਤੇ ਮੰਡੀਬੋਰਡ ਬੋਰਡ ਤੋਂ ਵਿਕਾਸ ਦੇ ਕੰਮ ਚਲਦੇ ਹਨ।
ਸਮਾਣਾ : ਕੇਂਦਰ ਸਰਕਾਰ ਦੇ ਖੇਤੀ ਸੁਧਾਰ ਬਿਲਾਂ ਦੇ ਵਿਰੋਧ ਵਿਚ ਵੱਖ-ਵੱਖ ਕਿਸਾਨ ਯੂਨੀਅਨਾਂ ਵਲੋਂ ਦਿਤੇ ਪੰਜਾਬ ਬੰਦ ਦੇ ਸੱਦੇ ਕਾਰਨ ਪਟਿਆਲਾ ਦਾ ਸ਼ਹਿਰ ਸਮਾਣਾ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਸ਼ਹਿਰ ਵਿਚ ਜ਼ਰੂਰੀ ਵਸਤੂਆਂ ਦੁਧ ਅਤੇ ਸਬਜ਼ੀਆਂ ਵੀ ਨਹੀਂ ਆਈਆਂ। ਦੁਧ ਕੰਪਨੀਆਂ ਨੇ ਸਪਲਾਈ ਬੰਦ ਰੱਖੀ ਹੈ। ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਚੱਪੇ-ਚੱਪੇ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਜਲੰਧਰ, 25 ਸਤੰਬਰ (ਇੰਦਰਜੀਤ ਸਿੰਘ ਲਵਲਾ) : ਖੇਤੀ ਕਾਲੇ ਕਾਨੂੰਨਾਂ ਵਿਰੁਧ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਂਗਰਸ ਪਾਰਟੀ ਬਸਪਾ ਆਪ ਆਗੂਆਂ ਨੇ ਵੱਖ-ਵੱਖ ਥਾਵਾਂ 'ਤੇ ਧਰਨੇ ਲਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੀਏਪੀ ਚੌਕ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਵਲੋਂ ਪੀਏਪੀ ਚੌਕ ਵਿਖੇ ਅਤੇ ਹੋਰ ਜਥੇਬੰਦੀਆਂ ਦੋਆਬਾ ਸੰਘਰਸ਼ ਯੂਨੀਅਨ ਕਮੇਟੀ ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਸਮੂਹਿਕ ਤੌਰ 'ਤੇ 31 ਜਥੇਬੰਦੀਆਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਾਲੇ ਕਨੂੰਨ ਨੂੰ ਵਾਪਸ ਲਵੇ। ਰਾਮਾ ਮੰਡੀ ਚੌਕ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਬਜੀਤ ਸਿੰਘ ਮੱਕੜ ਦੀ ਅਗਵਾਈ ਵਿਚ ਵਿਸ਼ਾਲ ਧਰਨਾ ਲਗਾਇਆ ਗਿਆ। ਬਹੁਜਨ ਸਮਾਜ ਪਾਰਟੀ ਵਲੋਂ ਅੱਜ ਕਿਸਾਨਾਂ ਦੇ ਹੱਕ ਵਿਚ ਨੂਰਪੁਰ ਪਿੰਡ ਤੋਂ ਸ਼ੁਰੂ ਹੋ ਕੇ ਬਾਈਪਾਸ ਪਠਾਨਕੋਟ ਚੌਕ ਲੰਮਾ ਪਿੰਡ ਚੌਕ ਤੋਂ ਵਾਪਸੀ ਤੇ ਬਾਈਪਾਸ ਪਠਾਨਕੋਟ 'ਚ ਕੁਝ ਧਰਨਾ ਲਗਾ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਖੰਨਾ, 25 ਸਤੰਬਰ (ਏ.ਐਸ. ਖੰਨਾ) : ਕਿਸਾਨ ਯੂਨੀਅਨ ਦੀਆਂ 31 ਜਥੇਬੰਦੀਆਂ ਵਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਪਾਸ ਕੀਤੇ ਗਏ ਖੇਤੀਬਾੜੀ ਬਿਲਾਂ ਦੇ ਵਿਰੋਧ ਵਿਚ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਸੂਬੇ ਭਰ ਵਿਚ ਜਿਥੇ ਜ਼ਬਰਦਸਤ ਹੁੰਗਾਰਾ ਮਿਲਿਆ ਉਥੇ ਨਾਲ ਹੀ ਏਸ਼ੀਆ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੇ ਖੰਨਾ ਸ਼ਹਿਰ ਅੰਦਰ ਵੀ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਕਿਸਾਨ ਜਥੇਬੰਦੀਆਂ ਵਲੋਂ ਸ਼ੇਰ ਸ਼ਾਹ ਸੂਰੀ ਮਾਰਗ ਉਤੇ ਗੁਰੂ ਅਮਰਦਾਸ ਮਾਰਕੀਟ ਕੋਲ ਧਰਨਾ ਮਾਰਿਆ ਗਿਆ।
ਕਾਂਗਰਸ ਵਲੋਂ ਵੀ ਅਨਾਜ ਮੰਡੀ ਤੋਂ ਲੈ ਕੇ ਇਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਕਿਸਾਨ ਜਥੇਬੰਦੀਆਂ ਦੇ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ। ਖੰਨਾ ਸ਼ਹਿਰ ਦੇ ਲਗਭਗ ਸਾਰੇ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਵਿਖਾਈ ਦਿਤੇ। ਆੜ੍ਹਤੀ ਐਸੋਸੀਏਸ਼ਨ ਖੰਨਾ ਅਤੇ ਅਨਾਜ ਮੰਡੀ ਦੇ ਮਜ਼ਦੂਰ ਤਬਕੇ ਵਲੋਂ ਇਕ ਵਿਸ਼ਾਲ ਰੋਸ ਮਾਰਚ ਕਰ ਕੇ ਮੋਦੀ ਦਾ ਪੁਤimageਲਾ ਫੂਕਿਆ ਗਿਆ।