
10 ਸਾਲਾਂ ਵਿਚ ਪਹਿਲੀ ਵਾਰ ਇਕ ਦਿਨ 'ਚ ਹੁਣ ਤਕ 879.9 ਮਿਲੀਮੀਟਰ ਬਾਰਸ਼, ਆਮ ਨਾਲੋਂ 6 ਫ਼ੀ ਸਦੀ ਜ਼ਿਆਦਾ
ਚੰਡੀਗੜ੍ਹ, 26 ਸਤੰਬਰ (ਪੱਤਰ ਪ੍ਰੇਰਕ): ਚੰਡੀਗੜ੍ਹ ਵਿਚ ਸਨਿਚਰਵਾਰ ਸਵੇਰੇ 8.30 ਵਜੇ ਤੋਂ ਐਤਵਾਰ ਸਵੇਰੇ 8.30 ਵਜੇ ਤਕ 120 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ | ਚੰਡੀਗੜ੍ਹ ਸੈਂਟਰ ਆਫ਼ ਮਾਸ ਡਿਪਾਰਟਮੈਂਟ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦਸਿਆ ਕਿ 10 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ 24 ਘੰਟਿਆਂ ਵਿਚ ਇੰਨੀ ਬਾਰਸ਼ ਦਰਜ ਕੀਤੀ ਗਈ ਹੈ | ਇੰਨਾ ਹੀ ਨਹੀਂ ਮੌਨਸੂਨ ਰਵਾਨਗੀ ਤੋਂ ਪਹਿਲਾਂ ਸੀਜ਼ਨ ਦੇ ਨਿਰਧਾਰਤ ਕੋਟੇ ਤੋਂ 53 ਮਿਲੀਮੀਟਰ ਜ਼ਿਆਦਾ ਬਾਰਸ਼ ਹੋ ਚੁੱਕੀ ਹੈ | ਸੋਮਵਾਰ ਨੂੰ ਅੰਸ਼ਕ ਤੌਰ 'ਤੇ ਬੱਦਲਵਾਈ ਹੋ ਸਕਦੀ ਹੈ | ਹਵਾ ਵਿਚ ਨਮੀ ਦੀ ਮਾਤਰਾ ਵਧਣ ਕਾਰਨ ਸਥਾਨਕ ਬੱਦਲ ਬਣ ਜਾਣਗੇ ਜਿਸ ਕਾਰਨ ਹਲਕੀ ਬਾਰਸ਼ ਹੋ ਸਕਦੀ ਹੈ, ਪਰ ਵਿਚਕਾਰ ਧੁੱਪ ਵੀ ਰਹੇਗੀ |
ਐਤਵਾਰ ਸਵੇਰੇ ਕਰੀਬ 7 ਵਜੇ ਕੁੱਝ ਪਲਾਂ ਲਈ ਤੇਜ਼ ਹਵਾਵਾਂ ਚਲੀਆਂ ਅਤੇ ਥੋੜ੍ਹੀ ਜਿਹੀ ਧੁੱਪ ਨਿਕਲੀ ਪਰ ਉਸ ਤੋਂ ਬਾਅਦ ਫਿਰ ਸੰਘਣੇ ਬੱਦਲ ਆ ਗਏ ਅਤੇ ਲਗਾਤਾਰ ਮੀਂਹ ਦਾ ਦੌਰ ਸ਼ੁਰੂ ਹੋ ਗਿਆ | ਇਹ ਸਿਲਸਿਲਾ ਦੁਪਹਿਰ 2.15 ਵਜੇ ਤਕ ਜਾਰੀ ਰਿਹਾ | ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤਕ 20.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ | ਐਤਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ ਸੱਤ ਡਿਗਰੀ ਘੱਟ ਸੀ |
ਸਨਿਚਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਘੱਟ ਸੀ | ਹਵਾ ਵਿਚ ਨਮੀ ਦੀ ਮਾਤਰਾ 97 ਫ਼ੀ ਸਦੀ ਦਰਜ ਕੀਤੀ ਗਈ | ਨਿਰਦੇਸਕ ਮਨਮੋਹਨ ਸਿੰਘ ਅਨੁਸਾਰ ਹਰ 10 ਸਾਲਾਂ ਬਾਅਦ ਮੌਨਸੂਨ ਦੀ ਬਾਰਸ ਦੀ ਔਸਤ ਗਣਨਾ ਕੀਤੀ ਜਾਂਦੀ ਹੈ | ਇਸ ਦੇ ਆਧਾਰ 'ਤੇ ਸੀਜ਼ਨ ਦੀ ਆਮ ਬਾਰਸ਼ ਦਾ ਅੰਕੜਾ ਆਉਂਦਾ ਹੈ | ਇਸ ਸਾਲ ਇਹ 842 ਮਿਲੀਮੀਟਰ ਹੋ ਗਈ ਹੈ, ਪਹਿਲਾਂ ਇਹ 829 ਮਿਲੀਮੀਟਰ ਸੀ | ਇਸ ਸਾਲ ਇਥੇ 879.9 ਮਿਲੀਮੀਟਰ ਮੀਂਹ ਪਿਆ ਹੈ |