
ਐੱਸ.ਐੱਸ.ਪੀ ਨੇ ਖ਼ੁਦ ਮੁਲਾਕਾਤ ਕਰ ਕੇ ਲਈ ਜਾਣਕਾਰੀ
ਮੁਹਾਲੀ: ਪੰਜਾਬ ਅੰਦਰ ਗੈਂਗਸਟਰਵਾਦ ਵੱਧਦਾ ਜਾ ਰਿਹਾ ਹੈ। ਪੁਲਿਸ ਦੀ ਸਖ਼ਤੀ ਦੇ ਬਾਵਜੂਦ ਉਹ ਸ਼ਰੇਆਮ ਲੋਕਾਂ ਦੇ ਕਤਲ ਕਰ ਰਹੇ ਹਨ ਤੇ ਧਮਕੀਆਂ ਦੇ ਕੇ ਫਿਰੌਤੀਆਂ ਮੰਗ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਹੁਣ ਮਰਹੂਮ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੇ ਭਰਾ ਅੰਗਰੇਜ਼ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ।
ਐੱਸ.ਐੱਸ.ਪੀ. ਜਲੰਧਰ ਨੇ ਡੀ.ਐੱਸ.ਪੀ. ਦਫ਼ਤਰ ਸ਼ਾਹਕੋਟ ਵਿਚ ਅੰਗਰੇਜ਼ ਸਿੰਘ ਨਾਲ ਮੁਲਾਕਾਤ ਕਰ ਕੇ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ।
ਲੰਘੇ ਦਿਨ ਅੱਧਾ ਘੰਟਾ ਚੱਲੀ ਇਸ ਮੀਟਿੰਗ ਵਿਚ ਐੱਸ.ਐੱਸ.ਪੀ ਨੇ ਮਰਹੂਮ ਦੇ ਭਰਾ ਤੋਂ ਧਮਕੀਆਂ ਸਬੰਧੀ ਜਾਣਕਾਰੀ ਲਈ ਤੇ ਛੇਤੀ ਹੀ ਇਸ ਮਾਮਲੇ ਵਿਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਡੀ.ਐੱਸ.ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਕੋਲੋਂ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਪੰਜਾਬ ’ਚ ਇੱਕ ਹੋਰ ਕਬੱਡੀ ਖਿਡਾਰੀ ਦੁਸ਼ਮਣੀ ਦੀ ਭੇਂਟ ਚੜ੍ਹ ਗਿਆ ਹੈ। ਅਣਪਛਾਤੇ ਹਮਲਾਵਰਾਂ ਨੇ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ ਜੱਗੂ ਦਾ ਕਤਲ ਕਰ ਦਿੱਤਾ ਹੈ। ਇਹ ਵਾਰਦਾਤ ਬੋਹਾ ਨੇੜਲੇ ਪਿੰਡ ਸ਼ੇਰਖਾਂ ਵਾਲਾ ਵਿਚ ਹੋਈ ਹੈ। ਕਬੱਡੀ ਖਿਡਾਰੀ ਜੱਗੂ ਘਰ ਵਿਚ ਸੁੱਤਾ ਪਿਆ ਸੀ ਕਿ ਹਮਲਾਵਰਾਂ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ ਜੱਗੂ (24) ਵਜੋਂ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਜਗਜੀਤ ਆਪਣੇ ਪਿਤਾ ਬਾਬੂ ਸਿੰਘ ਨਾਲ ਘਰ ਵਿਚ ਸੁੱਤਾ ਪਿਆ ਸੀ ਤੇ ਅਣਪਛਾਤਿਆਂ ਨੇ ਘਰ ਦੀ ਕੰਧ ਟੱਪ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲ਼ਾ ਵੱਢ ਦਿੱਤਾ, ਜਿਸ ਕਾਰਨ ਮੌਕੇ ’ਤੇ ਹੀ ਜਗਜੀਤ ਦੀ ਮੌਤ ਹੋ ਗਈ। ਹਮਲਾਵਰ ਇੰਨੀ ਹੁਸ਼ਿਆਰੀ ਨਾਲ ਘਰ ’ਚ ਦਾਖ਼ਲ ਹੋਏ ਕਿ ਇਸ ਵਾਰਦਾਤ ਬਾਰੇ ਜਗਜੀਤ ਨੇੜੇ ਸੁੱਤੇ ਪਏ ਉਸ ਦੇ ਪਿਤਾ ਨੂੰ ਵੀ ਭਿਣਕ ਨਹੀਂ ਲੱਗੀ।
ਬਾਬੂ ਸਿੰਘ ਅਨੁਸਾਰ ਜਦੋਂ ਸਵੇਰੇ ਚਾਰ ਵਜੇ ਉੱਠ ਕੇ ਉਸ ਨੇ ਵੇਖਿਆ ਤਾਂ ਮੰਜੇ ’ਤੇ ਲਹੂ ਲੁਹਾਣ ਹੋਈ ਜਗਜੀਤ ਦੀ ਲਾਸ਼ ਪਈ ਸੀ। ਸੂਚਨਾ ਮਿਲਣ ਮਗਰੋਂ ਡੀ.ਐੱਸ.ਪੀ. ਥਾਣਾ ਬੋਹਾ ਦੇ ਮੁਖੀ ਹਰਭਜਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ ’ਤੇ ਹਮਲਾਵਰ ਦੀ ਤਲਾਸ਼ ਲਈ ਖੋਜੀ ਕੁੱਤੇ ਵੀ ਮੰਗਵਾਏ, ਪਰ ਹਾਲੇ ਕੋਈ ਮੁਲਜ਼ਮ ਕਾਬੂ ਨਹੀਂ ਕੀਤਾ ਗਿਆ।