
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰਹੇਗਾ ਪੂਰੀ ਤਰ੍ਹਾਂ ਹੰਗਾਮੇ ਭਰਿਆ
ਭਾਜਪਾ ਨੇ ਕੀਤਾ ਬਰਾਬਰ ਲੋਕਾਂ ਦੀ ਅਸੈਂਬਲੀ (ਮੌਕੇ ਸੈਸ਼ਨ) ਦਾ ਐਲਾਨ
ਚੰਡੀਗੜ੍ਹ, 26 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦਾ 27 ਸਤੰਬਰ ਨੂੰ ਹੋਣ ਵਾਲਾ ਇਕ ਦਿਨ ਦਾ ਸੈਸ਼ਨ ਪੂਰੀ ਤਰ੍ਹਾਂ ਹੰਗਾਮੇ ਭਰਿਆ ਰਹਿਣ ਦੇ ਆਸਾਰ ਹਨ | ਇਹ ਸੈਸ਼ਨ ਰਾਜਪਾਲ ਵਲੋਂ ਇਕ ਵਾਰ ਰੱਦ ਕਰਨ ਦੇ ਬਾਅਦ ਮੁੱਖ ਮੰਤਰੀ ਤੇ ਸਰਕਾਰ ਨਾਲ ਪੈਦਾ ਹੋਈ ਤਲਖ਼ੀ ਬਾਅਦ ਮੁੜ ਸੱਦੇ ਗਏ ਸੈਸ਼ਨ ਨੂੰ ਪ੍ਰਵਾਨਗੀ ਦਿਤੇ ਜਾਣ ਕਾਰਨ ਹੋ ਰਿਹਾ ਹੈ | ਭਾਵੇਂ ਦੂਜੀ ਵਾਰ ਸੱਦੇ ਗਏ 27 ਸਤੰਬਰ ਦੇ ਸੈਸ਼ਨ ਦੇ ਏਜੰਡੇ ਵਿਚ ਸਰਕਾਰ ਨੇ ਰਾਜਪਾਲ ਨੂੰ ਭੇਜੀ ਜਾਣਕਾਰੀ ਵਿਚ ਭਰੋਸੇ ਦੇ ਵੋਟ ਦਾ ਮਤਾ ਲਿਆਉਣ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਸੂਤਰਾਂ ਮੁਤਾਬਕ ਇਹ ਮਤਾ ਚਲਦੇ ਸੈਸ਼ਨ ਵਿਚ ਕਿਸੇ ਨਾ ਕਿਸੇ ਰੂਪ ਵਿਚ ਲਿਆਂਦਾ ਜਾਵੇਗਾ |
ਸਰਕਾਰ ਨੇ ਸੈਸ਼ਨ ਵਿਚ ਬਹਿਸ ਲਈ ਤਿੰਨ ਮੁੱਖ ਵਿਸ਼ੇ ਜੀ.ਐਸ.ਟੀ., ਪਰਾਲੀ ਅਤੇ ਬਿਜਲੀ ਰੱਖੇ ਹਨ | ਇਹ ਤਿੰਨੇ ਮਾਮਲੇ ਹੀ ਕੇਂਦਰ ਸਰਕਾਰ ਨਾਲ ਜੁੜੇ ਹੋਏ ਹਨ ਅਤੇ ਜੀ.ਐਸ.ਟੀ. ਦੀ ਬਕਾਇਆ ਰਾਸ਼ੀ ਸਮੇਂ ਸਿਰ ਨਾ ਦੇਣ ਅਤੇ ਪਰਾਲੀ ਦੇ ਹੱਲ ਲਈ ਵਿੱਤੀ ਮਦਦ ਦੇਣ ਤੋਂ ਨਾਂਹ ਕਰ ਦੇਣ ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ਨੂੰ ਘੇਰਿਆ ਜਾਵੇਗਾ | ਅਪ੍ਰੇਸ਼ਨ ਲੋਟਸ ਦਾ ਮੁੱਦਾ ਵੀ ਸਦਨ ਵਿਚ ਗੂੰਜੇਗਾ | ਇਨ੍ਹਾਂ ਸਥਿਤੀਆਂ ਵਿਚ ਇਹ ਸੈਸ਼ਨ ਲੰਮਾ ਚਲਣ ਦੀ ਸੰਭਾਵਨਾ ਨਹੀਂ ਲਗਦੀ ਤੇ ਸ਼ੋਰ ਸ਼ਰਾਬੇ ਤੇ ਹੰਗਾਮੇ ਦਰਮਿਆਨ ਖ਼ਤਮ ਹੋ ਸਕਦਾ ਹੈ | ਭਾਜਪਾ ਨੇ ਭਾਵੇਂ ਸਿੱਧੇ ਤੌਰ 'ਤੇ ਸੈਸ਼ਨ ਦੇ ਬਾਈਕਾਟ ਦਾ ਐਲਾਨ ਤਾਂ ਨਹੀਂ ਕੀਤਾ ਪਰ ਸੈਸ਼ਨ ਦੇ ਬਰਾਬਰ ਮੌਕੇ ਅਸੈਂਬਲੀ (ਲੋਕਾਂ ਦਾ ਵਿਧਾਨ ਸਭਾ ਸੈਸ਼ਨ) ਕਰਨ ਦਾ ਅੱਜ ਕੋਰ ਕਮੇਟੀ ਦੀ ਮੀਟਿੰਗ ਵਿਚ ਫ਼ੈਸਲਾ ਕਰ ਲਿਆ ਗਿਆ ਹੈ | ਇਸ ਨਾਲ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ | ਕਾਂਗਰਸ ਤੇ ਅਕਾਲੀ ਮੈਂਬਰ ਸੈਸ਼ਨ ਵਿਚ ਜਾਣਗੇ ਅਤੇ ਵਧੇਰੇ ਵਿਸ਼ਿਆਂ ਉਪਰ ਬਹਿਸ ਕਰਵਾਉਣ ਤੇ ਇਸ ਦਾ ਸਮਾਂ ਵਧਾਉਣ ਦੀ ਮੰਗ ਕਰਨਗੇ | ਪਰ ਸਰਕਾਰ ਅਪਣੇ ਨਿਰਧਾਰਤ ਏਜੰਡੇ ਮੁਤਾਬਕੇ ਹੀ ਬਹਿਸ ਕਰਵਾਏਗੀ | ਇਸ ਨਾਲ ਸੱਤਾਧਿਰ ਤੇ ਮੁੱਖ ਵਿਰੋਧੀ ਪਾਰਟੀ ਦੇ ਸਦਨ ਵਿਚ ਆਹਮੋ ਸਾਹਮਣੇ ਹੋਣ ਦੀ ਸੂਰਤ ਵਿਚ ਲਗਦਾ ਨਹੀਂ ਕਿ ਇਹ ਸੈਸ਼ਨ ਬਿਨਾਂ ਹੰਗਾਮੇ ਤੇ ਸ਼ੋਰ ਸ਼ਰਾਬੇ ਦੇ ਖ਼ਤਮ ਹੋ ਸਕੇਗਾ |
ਉਧਰ ਸੱਤਾਧਿਰ ਨੇ ਵੀ ਵਿਰੋਧੀ ਧਿਰ ਵਲੋਂ ਉਠਾਏ ਜਾਣ ਵਾਲੇ ਮੁੱਦਿਆਂ ਦੇ ਜਵਾਬ ਲਈ ਅਪਣੀ ਵਿਸ਼ੇਸ਼ ਰਣਨੀਤੀ ਬਣਾ ਲਈ ਹੈ | ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਸ ਬਾਰੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਵਿਚਾਰ ਵਟਾਂਦਰਾ ਕੀਤਾ ਗਿਆ ਹੈ |