
ਪਲਾਟ ਘੁਟਾਲੇ ’ਚ FIR ਦਰਜ ਹੋਣ ਮਗਰੋਂ ਅਗਾਊਂ ਜ਼ਮਾਨਤ ਅਰਜ਼ੀ ਲਈ ਵਾਪਸ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੇ ਅਪਣੀ ਅਗਾਊਂ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਹੈ। ਮਨਪ੍ਰੀਤ ਬਾਦਲ ਨੇ ਬਠਿੰਡਾ ਸੈਸ਼ਨ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਉਨ੍ਹਾਂ ਦੇ ਵਕੀਲ ਸੁਖਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਜਦੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਜਾਂਚ ਜਾਰੀ ਸੀ। ਹੁਣ ਜਦੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ ਤਾਂ ਅਸੀਂ ਨਵੇਂ ਤੱਥਾਂ ਨਾਲ ਪਟੀਸ਼ਨ ਦਾਇਰ ਕਰਾਂਗੇ। ਉਧਰ ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਸਾਰੇ ਹਵਾਈ ਅੱਡਿਆਂ 'ਤੇ ਅਲਰਟ ਜਾਰੀ ਕਰ ਦਿਤਾ ਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਵਿਦੇਸ਼ ਭੱਜ ਸਕਦੇ ਹਨ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ, “ਜੇ ਹਿੰਮਤ ਹੈ ਤਾਂ ਹਾਈਕਮਾਂਡ ਨਾਲ ਗੱਲ ਕਰੋ”
ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਵਿਰੁਧ ਜ਼ਮੀਨ ਅਲਾਟਮੈਂਟ ਮਾਮਲੇ ਵਿਚ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮਨਪ੍ਰੀਤ ਬਾਦਲ ਤੋਂ ਇਲਾਵਾ 5 ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ ਸਨ। ਮਨਪ੍ਰੀਤ ਬਾਦਲ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਚਾਰ ਦਿਨ ਪਹਿਲਾਂ ਅਦਾਲਤ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਮਨਪ੍ਰੀਤ ਦੀ ਭਾਲ ਵਿਚ ਵਿਜੀਲੈਂਸ ਬਿਊਰੋ ਨੇ ਕੱਲ੍ਹ ਮੁਕਤਸਰ ਦੇ ਪਿੰਡ ਬਾਦਲ ਵਿਚ ਉਨ੍ਹਾਂ ਦੇ ਘਰ ਵੀ ਛਾਪਾ ਮਾਰਿਆ ਸੀ। ਹਾਲਾਂਕਿ ਮਨਪ੍ਰੀਤ ਬਾਦਲ ਉਥੇ ਨਹੀਂ ਸਨ। ਇਸ ਮਾਮਲੇ ਵਿਚ ਵਿਜੀਲੈਂਸ ਨੇ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਬਾਬਾ ਫਰੀਦ ਲਾਅ ਕਾਲਜ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਪਹਿਲਾਂ ਹੀ ਖਰੀਦ ਲਏ ਸੀ 100-100 ਰੁਪਏ ਦੇ ਸਟੈਂਪ ਪੇਪਰ
ਵਿਜੀਲੈਂਸ ਦੀ ਐਫਆਈਆਰ ਵਿਚ ਜ਼ਿਕਰ ਹੈ ਕਿ ਮਨਪ੍ਰੀਤ ਬਾਦਲ ਨੇ 100-100 ਰੁਪਏ ਵਾਲੇ ਸਟੈਂਪ ਪੇਪਰ 30 ਸਤੰਬਰ 2021 ਨੂੰ ਹੀ ਖਰੀਦ ਲਏ ਸਨ ਅਤੇ ਉਨ੍ਹਾਂ ਉਤੇ ਇਕਰਾਰਨਾਮਾ 4 ਅਕਤੂਬਰ 2021 ਨੂੰ ਲਿਖਿਆ ਗਿਆ। ਦੋਵੇਂ ਇਕਰਾਰਨਾਮਿਆਂ ਉਤੇ ਇਕ ਹੀ ਵਿਅਕਤੀ ਗਵਾਹ ਰੱਖਿਆ ਗਿਆ ਸੀ। ਬੀਡੀਏ ਨੇ ਪਲਾਟ ਦਾ ਅਲਾਟਮੈਂਟ ਪੱਤਰ ਰਾਜੀਵ ਕੁਮਾਰ ਅਤੇ ਵਿਕਾਸ ਅਰੋੜਾ ਦੇ ਨਾਂਅ ’ਤੇ 8 ਅਕਤੂਬਰ ਨੂੰ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬ ਸਾਡਾ ਵੱਡਾ ਭਰਾ ਹੈ, ਉਥੇ ਨਸ਼ਾ ਸਾਡੇ ਨਾਲੋਂ ਜ਼ਿਆਦਾ ਹੈ: ਮਨੋਹਰ ਲਾਲ ਖੱਟਰ
ਉਪਰੋਕਤ ਮਾਮਲਾ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਾਂ ਖਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2018 ਤੋਂ 2021 ਤੱਕ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਅਪਣੇ ਸਿਆਸੀ ਦਬਾਅ ਅਤੇ ਪ੍ਰਭਾਵ ਸਦਕਾ ਮਾਡਲ ਟਾਊਨ ਫੇਜ਼-1 ਬਠਿੰਡਾ ਨੇੜੇ ਟੀ.ਵੀ. ਟਾਵਰ ਵਿਖੇ 1560 ਵਰਗ ਗਜ ਦੇ ਦੋ ਪਲਾਂਟ ਖਰੀਦੇ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।
ਬੁਲਾਰੇ ਨੇ ਅੱਗੇ ਦਸਿਆ ਕਿ ਸ਼ਿਕਾਇਤ ਨੰਬਰ 11/2022 ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਬਕਾ ਵਿੱਤ ਮੰਤਰੀ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਬੀ.ਡੀ.ਏ. ਬਠਿੰਡਾ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਸਾਲ 2021 ਵਿਚ ਪਲਾਟਾਂ ਦੀ ਬੋਲੀ ਦੌਰਾਨ ਆਮ ਲੋਕਾਂ ਨੂੰ ਗੁੰਮਰਾਹ ਕਰਦਿਆਂ ਜਾਅਲੀ ਨਕਸ਼ੇ ਅਪਲੋਡ ਕਰਵਾਏ ਗਏ ਸਨ ਤਾਂ ਜੋ ਬੋਲੀ ਪ੍ਰਕਿਰਿਆ ਵਿਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਰੋਕਿਆ ਜਾ ਸਕੇ।