
ਕੱਲ੍ਹ ਉਹਨਾਂ ਦੀ ਰਿਹਾਇਸ਼ 'ਤੇ ਕੀਤੀ ਗਈ ਸੀ ਛਾਪੇਮਾਰੀ
ਚੰਡੀਗੜ੍ਹ: ਪਲਾਟ ਖ਼ਰੀਦ ਘੁਟਾਲਾ ਮਾਮਲੇ ਨੂੰ ਲੈ ਕੇ ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਪਹਿਲਾਂ ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਵਿੱਤ ਮੰਤਰੀ ਖ਼ਿਲਾਫ਼ LOC ਨੋਟਿਸ ਜਾਰੀ ਹੋਇਆ ਸੀ ਤਾਂ ਜੋ ਉਹ ਦੇਸ਼ ਨਾ ਛੱਡ ਸਕਣ। ਦੱਸ ਦਈਏ ਕਿ ਮਨਪ੍ਰੀਤ ਬਾਦਲ ਨੇ ਆਪਣੀ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਹੈ। ਮਨਪ੍ਰੀਤ ਨੇ ਬਠਿੰਡਾ ਸੈਸ਼ਨ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ।
ਉਨ੍ਹਾਂ ਦੇ ਵਕੀਲ ਸੁਖਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਜਦੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਜਾਂਚ ਜਾਰੀ ਸੀ। ਅਸੀਂ ਦਲੀਲ ਦਿੱਤੀ ਸੀ ਕਿ ਬਿਨਾਂ ਕਿਸੇ ਕੇਸ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੋਂ ਕਹਿ ਰਹੇ ਹਨ ਕਿ ਉਹ ਮਨਪ੍ਰੀਤ ਬਾਦਲ ਨੂੰ ਜੇਲ੍ਹ ਕਰਨਗੇ। ਅਸੀਂ ਇਸ ਸਬੰਧੀ ਅਦਾਲਤ ਵਿਚ ਗਏ ਸੀ ਕਿ ਸਿਆਸੀ ਬਦਲਾਖੋਰੀ ਕਾਰਨ ਦਬਾਅ ਪਾਇਆ ਜਾ ਰਿਹਾ ਹੈ।
ਅਦਾਲਤ ਨੇ ਇਸ ਮਾਮਲੇ ਵਿਚ ਵਿਜੀਲੈਂਸ ਨੂੰ ਨੋਟਿਸ ਦਿੱਤਾ ਸੀ। ਇਸ ਤੋਂ ਬਾਅਦ ਐਤਵਾਰ ਰਾਤ ਨੂੰ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਹੁਣ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ, ਨਵੇਂ ਤੱਥਾਂ ਦੇ ਨਾਲ ਪਟੀਸ਼ਨ ਦਾਇਰ ਕੀਤੀ ਜਾਵੇਗੀ। ਜ਼ਮਾਨਤ ਪਟੀਸ਼ਨ ਵਾਪਸ ਲੈਣ ਤੋਂ ਬਾਅਦ ਹੁਣ ਮਨਪ੍ਰੀਤ ਬਾਦਲ 'ਤੇ ਬਿਨਾਂ ਕਿਸੇ ਰਾਹਤ ਦੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਮਨਪ੍ਰੀਤ ਬਾਦਲ ਦੀ ਭਾਲ ਵਿਚ ਵਿਜੀਲੈਂਸ ਬਿਊਰੋ ਨੇ ਕੱਲ੍ਹ ਮੁਕਤਸਰ ਦੇ ਪਿੰਡ ਬਾਦਲ ਵਿਚ ਉਹਨਾਂ ਦੇ ਘਰ ਵੀ ਛਾਪਾ ਮਾਰਿਆ ਸੀ। ਹਾਲਾਂਕਿ ਮਨਪ੍ਰੀਤ ਬਾਦਲ ਉੱਥੇ ਨਹੀਂ ਮਿਲੇ ਸਨ।