
Punjab News: ਭਾਸ਼ਾ ਵਿਭਾਗ ਕੋਲ ਪੁੱਜੀਆਂ ਸ਼ਿਕਾਇਤਾਂ ਤੇ ਨੋਟਿਸ ਹੋਇਆ ਜਾਰੀ
Language department notices Powercom for not working in Punjabi: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ਰਾਜ ਭਾਸ਼ਾ ਐਕਟ 2008 ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਦਫ਼ਤਰਾਂ ਵਿਚ ਅੰਗਰੇਜ਼ੀ ਵਿਚ ਹੀ ਕੰਮ ਕਾਜ ਕੀਤਾ ਜਿ ਰਿਹਾ ਹੈ। ਇਸ ਸਬੰਧੀ ਲੋਕਾਂ ਵੱਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਕੋਲ ਸ਼ਿਕਾਇਤਾਂ ਪੁੱਜੀਆਂ ਹਨ ਤੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਹੀ ਪਾਵਰਕਾਮ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਸਰਾ ਨੂੰ ਪੱਤਰ ਵਿਚ ਲਿਖਿਆ ਕਿ ਪਾਵਰਕਾਮ ਵਿਚ ਪੰਜਾਬੀ ਵਿਚ ਕੰਮ ਨਹੀਂ ਹੋ ਰਿਹਾ, ਜਿਸ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ। ਸ਼ਿਕਾਇਤਾਂ ਵਿੱਚ ਕਿਹਾ ਗਿਆ ਹੈ ਕਿ ਭਾਸ਼ਾ ਵਿਭਾਗ ਦੇ ਦਫ਼ਤਰ ਦੇ ਬਿਲਕੁੱਲ ਨਾਲ ਪਾਵਰਕਾਮ ਦਾ ਮੁੱਖ ਦਫ਼ਤਰ ਹੈ, ਜਿਸ ਵਿਚ ਬਹੁਤ ਸਾਰੇ ਆਮ ਲੋਕਾਂ ਨਾਲ ਸਬੰਧਤ ਕੰਮ ਮਾਂ ਬੋਲੀ ਪੰਜਾਬੀ ਵਿੱਚ ਨਹੀਂ ਹੁੰਦੇ।
ਇੱਥੇ ਅੰਗਰੇਜ਼ੀ ਭਾਸ਼ਾ ਵਰਤੀ ਜਾ ਰਹੀ ਹੈ। ਇਸ ਨਾਲ ਵਿੱਚ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਵਰਕਾਮ ਵੱਲੋਂ ਮੁੱਖ ਤੌਰ ’ਤੇ ਭੇਜਿਆ ਜਾਂਦਾ ਬਿੱਲ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਹੈ ਜੋ ਆਮ ਖਪਤਕਾਰ ਨੂੰ ਸਮਝ ਨਹੀਂ ਆਉਂਦਾ, ਜਦਕਿ ਇਹ ਬਿੱਲ ਸੂਬਾ-ਭਾਸ਼ਾ ਪੰਜਾਬੀ ਵਿੱਚ ਆਉਣਾ ਚਾਹੀਦਾ ਹੈ।
ਇਸ ਤਰ੍ਹਾਂ ਪਾਵਰਕਾਮ ਵੱਲੋਂ ਆਮ ਬਿਜਲੀ ਵਿਚ ਰੁਕਾਵਟ ਪੈਣ ’ਤੇ ਵੱਟਸਐਪ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸ਼ਿਕਾਇਤ ਕਰਨ ’ਤੇ ਅੰਗਰੇਜ਼ੀ ਵਿੱਚ ਜਵਾਬ ਦਿੱਤਾ ਜਾਂਦਾ ਹੈ। ਇਸ ਦਾ ਵੱਡੀ ਗਿਣਤੀ ਸ਼ਿਕਾਇਤਕਰਤਾਵਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਕੀ ਹੱਲ ਹੈ ਜਾਂ ਕੀ ਹੱਲ ਹੋਵੇਗਾ। ਈਮੇਲ ਰਾਹੀਂ ਕੋਈ ਸ਼ਿਕਾਇਤ ਜਾਂ ਹੋਰ ਜਾਣਕਾਰੀ ਮੰਗੀ ਜਾਂਦੀ ਹੈ ਉਹ ਵੀ ਅੰਗਰੇਜ਼ੀ ਵਿੱਚ ਭੇਜੀ ਜਾਂਦੀ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਪੱਤਰ ਵਿਚ ਲਿਖਿਆ ਹੈ ਕਿ ਪਾਵਰਕਾਮ ਵੱਲੋਂ ਪੂਰਾ ਕੰਮ ਪੰਜਾਬੀ ਵਿਚ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਰਾਜ ਭਾਸ਼ਾ ਐਕਟ-2008 ਪੰਜਾਬ ਵਿਚ ਲਾਗੂ ਹੈ।