
Punjab Vidhan Sabha Session: ਪਹਿਲੇ ਦਿਨ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਨੂੰ ਲੈ ਕੇ ਹੋਵੇਗੀ ਚਰਚਾ
Punjab Vidhan Sabha Session: ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ ਵਿਸ਼ੇਸ਼ ਤੌਰ ’ਤੇ ਪੰਜਾਬ ਵਿਚ ਆਏ ਹੜ੍ਹਾਂ ਦੇ ਵਿਸ਼ੇ ਨੂੰ ਲੈ ਕੇ ਸੱਦਿਆ ਗਿਆ ਹੈ। ਹੜ੍ਹਾਂ ਨਾਲ ਇਕ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿਚ ਲੱਖਾਂ ਲੋਕ ਬੇਘਰ ਹੋਏ ਹਨ ਅਤੇ ਲੱਖ ਏਕੜ ਖੜੀ ਫ਼ਸਲ ਦੀ ਤਬਾਹੀ ਹੋਣ ਨਾਲ 57 ਮੌਤਾਂ ਵੀ ਹੋਈਆਂ ਹਨ। ਬਿਜਲੀ ਢਾਂਚੇ, ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਤੋਂ ਇਲਾਵਾ ਸੜਕਾਂ ’ਤੇ ਪੁਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਪਰ ਕੇਂਦਰ ਨੇ ਸਿਰਫ਼ 20 ਹਜ਼ਾਰ ਕਰੋੜ ਦੀ ਮੰਗ ਦੇ ਮੁਕਾਬਲੇ ਸਿਰਫ਼ 1600 ਕਰੋੜ ਦੀ ਰਾਹਤ ਦਿਤੀ ਹੈ।
ਇਸ ਬਾਰੇ ਚਰਚਾ ਕਰ ਕੇ ਸੈਸ਼ਨ ਵਿਚ ਹੜ੍ਹ ਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਸੱਭ ਪਾਰਟੀਆਂ ਦੀ ਸਹਿਮਤੀ ਨਾਲ ਕੋਈ ਰਣਨੀਤੀ ਤਿਆਰ ਕੀਤੀ ਜਾਵੇਗੀ। ਹੜ੍ਹਾਂ ਦੇ ਕਾਰਨਾਂ ਅਤੇ ਡੈਮਾਂ ਦੀ ਸਥਿਤੀ ਨੂੰ ਲੈ ਕੇ ਵੀ ਅਹਿਮ ਚਰਚਾ ਹੋਵੇਗੀ। ਇਹ ਸੈਸ਼ਨ 26 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਦੋ ਦਿਨ ਦੀ ਛੁੱਟੀ ਬਾਅਦ 29 ਸਤੰਬਰ ਨੂੰ ਦੂਜੇ ਦਿਨ ਦੀ ਕਾਰਵਾਈ ਹੋਵੇਗੀ।
ਪਹਿਲੇ ਦਿਨ ਦੀ ਕਾਰਵਾਈ ਪਿਛਲੇ ਸਮੇਂ ਵਿਚ ਵਿਛੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗੀ। ਇਨ੍ਹਾਂ ਸ਼ਖ਼ਸੀਅਤਾਂ ਵਿਚ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਵਿਧਾਇਕ ਰਘਬੀਰ ਸਿੰਘ, ਕਲਾਕਾਰ ਜਸਵਿੰਦਰ ਭੱਲਾ, ਚਰਨਜੀਤ ਅਹੂਜਾ ਤੇ ਸ਼ਹੀਦ ਫ਼ੌਜੀਆਂ ਦੇ ਨਾਂ ਸ਼ਾਮਲ ਹਨ। ਵੱਖ ਵੱਖ ਵਿਭਾਗਾਂ ਦੀਆਂ ਰੀਪੋਰਟਾਂ ਸਦਨ ਵਿਚ ਰੱਖੇ ਜਾਣ ਬਾਅਦ ਹੜ੍ਹਾਂ ਕਾਰਨ ਪੈਦਾ ਸਥਿਤੀ ਬਾਅਦ ਪੰਜਾਬ ਦੇ ਮੁੜ ਵਸੇਬੇ ’ਤੇ ਚਰਚਾ ਦੀ ਸ਼ੁਰੂਆਤ ਹੋਵੇਗੀ।
ਆਈ.ਏ.ਐਸ. ਅਫ਼ਸਰਾਂ ਨੂੰ ਹਾਜ਼ਰ ਰਹਿਣ ਦੇ ਸਖ਼ਤ ਹੁਕਮ
ਹੜ੍ਹਾਂ ਦੇ ਮੁੱਦੇ ’ਤੇ ਹੋਣ ਵਾਲੀ ਗੰਭੀਰ ਚਰਚਾ ਦੇ ਮੱਦੇਨਜ਼ਰ ਇਸ ਵਾਰ ਸੀਨੀਅਰ ਆਈ.ਏ.ਐਸ. ਅਫ਼ਸਰਾਂ ਨੂੰ ਸੈਸ਼ਨ ਦੌਰਾਨ ਸਦਨ ਵਿਚ ਹਾਜ਼ਰ ਰਹਿਣ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਸੰਸਦੀ ਮਾਮਲੇ ਵਿਭਾਗ ਵਲੋਂ ਜਾਰੀ ਪੱਤਰ ਵਿਚ ਅਧਿਕਾਰੀਆਂ ਨੂੰ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਖ਼ਤਮ ਹੋਣ ਤਕ ਹਾਜ਼ਰ ਰਹਿਣਗੇ। ਸਦਨ ਦੀ ਸਾਰੀ ਕਾਰਵਾਈ ਨੂੰ ਨੋਟ ਕਰਨ ਅਤੇ ਸਰਕਾਰ ਨੂੰ ਜ਼ਰੂਰੀ ਲੋੜੀਂਦੇ ਨੁਕਤਿਆਂ ਬਾਰੇ ਸੈਸ਼ਨ ਖ਼ਤਮ ਹੋਣ ਦੇ ਦੋ ਘੰਟੇ ਅੰਦਰ ਰੀਪੋਰਟ ਦੇਣਗੇ।