
21 ਸਤੰਬਰ ਨੂੰ ਪੰਚਾਇਤ ਮੈਂਬਰ ਦੇ ਘਰ ’ਤੇ ਚਲਾਈਆਂ ਸਨ ਗੋਲੀਆਂ
ਲੁਧਿਆਣਾ: ਲੁਧਿਆਣਾ ਦੇ ਡੇਹਲੋਂ ਇਲਾਕੇ ਵਿੱਚ 21 ਸਤੰਬਰ ਨੂੰ ਪੰਚਾਇਤ ਮੈਂਬਰ ਦੇ ਘਰ ਉੱਪਰ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਘਰ ਵਿੱਚ ਖੜੀ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਘਰ ਦੇ ਬਾਹਰ ਪਈ ਪਰਾਲੀ ਨੂੰ ਵੀ ਅੱਗ ਲਗਾਈ ਗਈ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਗੰਭੀਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਵੱਲੋਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਕੋਲੋਂ ਨਜਾਇਜ਼ ਅਸਲਾ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਸੀਪੀ ਲੁਧਿਆਣਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਤੇ ਉਹਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਡੇਹਲੋਂ ਇਲਾਕੇ ਵਿੱਚ ਪੰਚਾਇਤ ਮੈਂਬਰ ਦੇ ਘਰ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਕਾਰ ਅਤੇ ਘਰ ਦੇ ਬਾਹਰ ਪਰਾਲੀ ਨੂੰ ਅੱਗ ਲਗਾਈ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਪਰ ਹੁਣ ਇੱਕ ਵੱਡੀ ਸਫਲਤਾ ਪੁਲਿਸ ਨੂੰ ਹਾਸਲ ਹੋਈ ਹੈ, ਜਿਸ ਵਿੱਚ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਕੋਲੋਂ ਦੋ ਨਜਾਇਜ਼ ਰਫਲਾਂ 12 ਬੋਰ ਅਤੇ ਇੱਕ ਨਜਾਇਜ਼ ਪਿਸਟਲ 32 ਬੋਰ, 6 ਜਿੰਦਾ ਕਾਰਤੂਸ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ।
ਉਹਨਾਂ ਨੇ ਦੱਸਿਆ ਕਿ ਮੁਲਜ਼ਮ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਸਨ ਅਤੇ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਸੀ ਜਿਸ ਦੇ ਚਲਦਿਆਂ ਰੰਜਿਸ਼ ਕਾਰਨ ਮੁਲਜ਼ਮਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮਾਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਘਰ ਵਿੱਚ ਖੜੀ ਕਾਰ ਅਤੇ ਘਰ ਦੇ ਬਾਹਰ ਪਈ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਸੀ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿ ਮੁਲਜ਼ਮਾਂ ਉਪਰ ਹੋਰ ਕਿਹੜੇ-ਕਿਹੜੇ ਮਾਮਲੇ ਦਰਜ ਹਨ।