
ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਨੇ ਭਾਜਪਾ ਆਗੂਆਂ ਦੀ ਸੋਚ 'ਤੇ ਚੁਕੇ ਸਵਾਲ
ਚੰਡੀਗੜ੍ਹ: ਦੁਸ਼ਹਿਰੇ ਮੌਕੇ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ ਦੀ ਕਿਸਾਨਾਂ ਦੀ ਰਣਨੀਤੀ ਨੇ ਭਾਜਪਾ ਆਗੂਆਂ ਨੂੰ ਡਾਹਢਾ ਪ੍ਰੇਸ਼ਾਨ ਕੀਤਾ ਹੈ। ਭਾਜਪਾ ਆਗੂਆਂ ਨੂੰ ਹੁਣ ਕਿਸਾਨਾਂ ਦੇ ਹਰ ਕਦਮ ਪਿਛੇ ਸਿਆਸਤਦਾਨਾਂ ਅਤੇ ਵਿਚੋਲੀਆਂ ਦੀ ਚਾਲ ਨਜ਼ਰ ਆਉਣ ਲੱਗੀ ਹੈ। ਦੁਸ਼ਹਿਰੇ ਮੌਕੇ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕਣ ਦੀਆਂ ਘਟਨਾਵਾਂ ਨੂੰ ਵੀ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਖੇਡ ਕਰਾਰ ਦਿਤਾ ਹੈ।
Tarun Chugh
ਭਾਜਪਾ ਦੇ ਸੀਨੀਅਰ ਆਗੂ ਅਤੇ ਬੁਲਾਰੇ ਤਰੁਣ ਚੁੱਘ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਸਰਕਾਰ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਚੁੱਘ ਨੇ ਕਿਹਾ ਕਿ ਪੰਜਾਬ ਵਿਚ ਇਕ ਪਾਸੇ ਜਿੱਥੇ ਨਵਜੋਤ ਸਿੱਧੂ ਨੇ ਬਗਾਵਤ ਕੀਤੀ ਹੈ, ਉਥੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਰੁਖ ਅਪਣਾਇਆ ਹੈ, ਅਜਿਹੇ ਵਿਚ ਕੈਪਟਨ ਅਮਰਿੰਦਰ ਸਿੰਘ ਲਈ ਸੱਤਾ ਸੰਘਰਸ਼ ਚੱਲ ਰਿਹਾ ਹੈ ਅਤੇ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਚ ਅਜਿਹੀ ਖੇਡ ਖੇਡੀ ਜਾ ਰਹੀ ਹੈ।
Capt Amrinder Singh
ਚੁੱਘ ਨੇ ਕਿਹਾ ਕਿ ਪੁਲਸ ਦੀ ਮੌਜੂਦਗੀ ਵਿਚ ਹੀ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿਤਾ ਗਿਆ ਹੈ, ਲਿਹਾਜ਼ਾ ਇਸ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਮਾਇਣ ਦਾ ਬਹੁਤ ਉੱਚਾ ਸਥਾਨ ਅਤੇ ਇਸ ਪਵਿੱਤਰ ਦਿਹਾੜੇ ਨੂੰ ਆਪਣੀ ਗੰਦੀ ਸਿਆਸਤ ਲਈ ਵਰਤਣਾ ਬਹੁਤ ਗ਼ਲਤ ਹੈ। ਚੁੱਘ ਨੇ ਕਿਹਾ ਕਿ ਭਾਰਤ ਦੀ 135 ਕਰੋੜ ਦੀ ਜਨਤਾ ਨੂੰ ਇਸ ਗੱਲ ਨਾ ਡੂੰਘੀ ਸੱਟ ਵੱਜੀ ਹੈ ਕਿ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਪ੍ਰੰਪਰਾ ਨੂੰ ਸਿਆਸਤ ਵਿਚ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
Tarun Chugh
ਕਾਬਲੇਗੌਰ ਹੈ ਕਿ ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਦਿੱਲੀ ਤੋਂ ਬੇਰੰਗ ਮੁੜਣ ਬਾਅਦ ਕੀਤਾ ਸੀ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੇ ਤੱਤੇ ਬਿਆਨ ਵੀ ਬਲਦੀ 'ਤੇ ਤੇਲ ਦਾ ਕੰਮ ਕਰ ਰਹੇ ਹਨ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਭਾਜਪਾ ਆਗੂ ਜਿਥੇ ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਲਈ ਹਰ ਹੱਥਕੰਡਾ ਵਰਤ ਰਹੇ ਹਨ ਉਥੇ ਕਿਸਾਨਾਂ ਵਲੋਂ ਅਪਨਾਏ ਜਾ ਰਹੇ ਜਵਾਬੀ ਪੈਂਤੜੇ ਉਨ੍ਹਾਂ ਨੂੰ ਵਿਚੋਲੀਆ ਜਾਂ ਸਿਆਸੀ ਵਿਰੋਧੀਆਂ ਦੀ ਖੇਡ ਜਾਪ ਰਹੇ ਹਨ। ਚੰਗਾ ਹੁੰਦਾ, ਜੇਕਰ ਭਾਜਪਾ ਆਗੂ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਹੱਠ-ਧਰਮੀ ਛੱਡ ਮਸਲੇ ਦੇ ਸੰਜੀਦਾ ਹੱਲ ਲਈ ਪ੍ਰੇਰਿਤ ਕਰਦੇ।