
ਸ੍ਰੀ ਸਾਹਿਬ ਲੈ ਕੇ ਆਟੋ ਡਰਾਈਵਰ ਨਾਲ ਭਿੜਨ ਵਾਲੀ ਸਿੱਖ ਔਰਤ 'ਤੇ ਪਰਚਾ ਦਰਜ
ਸਿੱਖ ਜਥੇਬੰਦੀਆਂ ਸਿੱਖ ਔਰਤ ਮਨਜੀਤ ਕੌਰ ਦੇ ਹੱਕ 'ਚ ਉਤਰੀਆਂ
ਮੁੰਬਈ, 25 ਅਕਤੂਬਰ : ਮੁੰਬਈ ਦੀ ਇਕ ਸਿੱਖ ਬੀਬੀ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੇ ਆਟੋ ਡਰਾਈਵਰ ਦੀ ਗੁੰਡਾਗਰਦੀ ਦਾ ਜਵਾਬ ਸ੍ਰੀ ਸਾਹਿਬ ਨਾਲ ਇਕੱਲਿਆਂ ਉਸ ਨਾਲ ਮੁਕਾਬਲਾ ਕਰ ਕੇ ਦਿਤਾ। ਵੀਡੀਉ 'ਚ ਔਰਤ ਸ੍ਰੀ ਸਾਹਿਬ ਨਾਲ ਆਟੋ ਡਰਾਈਵਰ 'ਤੇ ਵਾਰ ਕਰ ਰਹੀ ਹੈ ਜਿਸ ਨਾਲ ਆਟੋ ਡਰਾਈਵਰ ਜ਼ਖ਼ਮੀ ਹੋ ਗਿਆ। ਇਸ ਮਾਮਲੇ 'ਚ ਸਿੱਖ ਮਹਿਲਾ ਮਨਜੀਤ ਕੌਰ 'ਤੇ ਆਟੋ ਡਰਾਈਵਰ ਵਲੋਂ ਪਰਚਾ ਦਰਜ ਕਰਵਾਇਆ ਗਿਆ ਹੈ, ਜਦਕਿ ਉਥੇ ਦੀਆਂ ਸਿੱਖ ਜਥੇਬੰਦੀਆਂ ਮਨਜੀਤ ਕੌਰ ਦੇ ਹੱਕ ਵਿਚ ਉਤਰੀਆਂ ਹਨ।
ਜ਼ਿਕਰਯੋਗ ਹੈ ਕਿ ਆਟੋ ਚਾਲਕ ਦਾ ਨਾਂ ਦੁਰਗੇਸ਼ ਪਾਟਿਲ ਹੈ। ਮਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਨੇ ਉਸ ਦੀ ਧੀ ਨੂੰ ਧਮਕੀ ਦਿਤੀ। ਉਹ ਉਨ੍ਹਾਂ ਦੇ ਘਰ ਦੇ ਹੇਠਾਂ ਆਟੋ ਸਟੈਂਡ 'ਤੇ ਖੜਾ ਹੁੰਦਾ ਹੈ। ਇਕ ਬਹਿਸ ਦੌਰਾਨ ਪਾਟਿਲ ਨੇ ਉਸ 'ਤੇ ਹੱਥ ਚੁੱਕਿਆ, ਜਿਸ ਤੋਂ ਬਾਅਦ ਬਚਾਅ 'ਚ ਉਸ ਨੇ ਸ੍ਰੀ ਸਾਹਿਬ ਨਾਲ ਉਸ 'ਤੇ ਹਮਲਾ ਕਰ ਦਿਤਾ।
ਇਸ ਬਾਰੇ ਮਨਜੀਤ ਕੌਰ ਦੇ ਹੱਕ 'ਚ ਸਾਹਮਣੇ ਆਈਆਂ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਈ
ਧਿਰ ਵਲੋਂ ਔਰਤ ਵਿਰੁਧ ਪਰਚਾ ਦਰਜ ਕਰਵਾਇਆ ਗਿਆ ਹੈ। ਇਸ ਨੂੰ ਲੈ ਕੇ ਇਕ ਵੀਡੀਉ ਰਾਹੀਂ ਸੰਦੇਸ਼ ਦੇਣ 'ਤੇ ਕਾਫੀ ਸੰਗਤ ਔਰਤ ਦੇ ਹੱਕ 'ਚ ਇਕੱਠੀ ਹੋਈ ਹੈ। ਉਨ੍ਹਾਂ ਦਸਿਆ ਕਿ ਏਰੀਏ ਦੇ ਪੁਲਿਸ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਦਸਿਆ ਕਿ ਆਟੋ ਡਰਾਈਵਰ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ 'ਤੇ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਆਟੋ ਡਰਾਈਵਰ ਦੇ ਘਰ ਦੇ ਹੇਠੋਂ ਸਟੈਂਡ 'ਤੇ ਖੜ੍ਹੇ ਹੋਣਾ ਵੀ ਬੰਦ ਕਰਵਾਇਆ ਗਿਆ ਹੈ। ਮਨਜੀਤ ਕੌਰ ਵਲੋਂ ਉਸ ਦੀ ਧੀ ਨੂੰ ਆਟੋ ਡਰਾਈਵਰ ਵਲੋਂ ਧਮਕੀ ਦੇਣ ਸਬੰਧੀ ਉਨ੍ਹਾਂ ਭਰੋਸਾ ਦਿਵਾਇਆ ਕਿ ਬੱਚੀ 24 ਘੰਟਿਆਂ ਦੌਰਾਨ ਕਿਸੇ ਵੀ ਵੇਲੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ 'ਤੇ ਉਨ੍ਹਾਂ ਨੂੰ ਫੋਨ ਕਰ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮਨਜੀਤ ਕੌਰ 'ਤੇ ਹੋਏ ਪਰਚੇ ਸਬੰਧੀ ਕਿਹਾ ਕਿ ਆਟੋ ਡਰਾਈਵਰ ਦੇ ਠੀਕ ਹੋਣ ਤੋਂ ਬਾਅਦ ਇਸ ਮਸਲੇ ਨੂੰ ਬੈਠ ਕੇ ਹੱਲ ਕੀਤਾ ਜਾਵੇਗਾ। (ਏਜੰਸੀ)